Tuesday, 22 October 2013

ਬਰਬਾਦੀ ਦੀ ਸੂਚਕ ਹੈ ਸਿਆਸਤਦਾਨਾਂ ਤੇ ਨਸ਼ਿਆਂ ਦੇ ਸੌਦਾਗਰਾਂ ਦੀ ਆਪਸੀ ਸਾਂਝ



  • ਅਮਨਪ੍ਰੀਤ ਸਿੰਘ ਛੀਨਾ 

    ਸਦੀਆਂ ਤੋਂ ਅਣਖੀਲੇ ਯੋਧਿਆਂ ਅਤੇ ਸ਼ੂਰਬੀਰਾਂ ਦੇ ਨਾਮ ਨਾਲ ਜਾਣੀ ਜਾਣ ਵਾਲੀ ਪੰਜਾਬ ਦੀ ਪਵਿੱਤਰ ਧਰਤੀ ਨੂੰ ਗੰਧਲੀ ਸਿਆਸਤ, ਨਸ਼ਿਆਂ ਅਤੇ ਨਸ਼ੇ ਦੇ ਸੌਦਾਗਰਾਂ ਨੇ ਗ੍ਰਹਿਣ ਲਗਾ ਦਿੱਤਾ ਹੈ| ਅੱਜਕੱਲ੍ਹ ਅਖਬਾਰਾਂ ਵਿੱਚ ਸੁਰਖੀਆਂ 100 ਗ੍ਰਾਮ ਹੈਰੋਇਨ ਜਾਂ ਸਮੈਕ ਜ਼ਬਤ ਕਰਨ ਤੇ ਨਹੀਂ ਬਣਦੀਆਂ ਸਗੋਂ ਘੱਟੋ-ਘੱਟ 100 ਕਿਲੋ ਹੈਰੋਇਨ, ਸਮੈਕ ਜਾਂ ਹੋਰ ਸਨਥੈਟਿਕ ਨਸ਼ਿਆਂ ਦੀ ਬਰਾਮਦਗੀ ਤੇ  ਬਣਦੀਆਂ  ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 100 ਤੋਂ 500 ਕਰੋੜ ਦੇ ਆਸ-ਪਾਸ ਹੁੰਦੀ ਹੈ | ਇਥੇ ਸਵਾਲ ਉੱਠਦਾ ਹੈ ਕਿ ਉਹ ਕੌਣ ਦੇਸ਼-ਧਿਰੋਹੀ ਲੋਕ ਹਨ ਜੋ ਪੰਜਾਬ ਦੀ ਜ਼ਵਾਨੀ ਨੂੰ ਤਬਾਹ ਕਰਨ ਲਈ ਉਤਾਰੂ ਹਨ ਅਤੇ ਉਹਨਾਂ ਦਾ ਅਸਲ ਮਕਸਦ ਕੀ ਹੈ ? ਆਉ ਇਸ ਲੇਖ ਰਾਹੀਂ ਇਸ ਗੱਲ ਦੀ ਤਹਿ ਤੱਕ ਜਾ ਕੇ ਇਸ ਦੇ ਹੱਲ ਲੱਭਣ ਦਾ ਇਕ ਯਤਨ ਕਰੀਏ |  ਅੱਜ ਦੁਨੀਆਂ ਭਰ ਵਿੱਚ ਪੰਜਾਬ ਨੂੰ ਬਰਬਾਦ ਕਰਨ ਵਾਲਾ ਕੌਣ ਹੈ ਅਤੇ ਕਿੱਥੇ ਵੱਸਦਾ ਹੈ ਇਸ ਦਾ ਪਤਾ ਹਰ ਪੰਜਾਬੀ ਨੂੰ ਹੈ ਪਰ ਪੰਜਾਬ ਵਿੱਚ ਪਿਛਲੇ ਤੀਹਾਂ ਸਾਲਾਂ ਤੋਂ ‘ਕਾਨੂੰਨ-ਦਾ-ਰਾਜ’ ਨਾ ਹੋ ਬੰਦੇ-ਦਾ-ਰਾਜ’ ਹੋਣ ਕਾਰਨ ਹਰ ‘ਆਮ-ਆਦਮੀ’ ਆਪਣੇ ਹੱਥ ਬਨ੍ਹੀ ਖੜਾ ਪ੍ਰਮਾਤਮਾ ਅੱਗੇ ਦਿਨ-ਰਾਤ ਜਿੱਥੇ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਦੀ ਅਰਦਾਸ ਕਰਦਾ ਹੈ, ਉੱਥੇ ਹੀ ਪ੍ਰਮਾਤਮਾ ਨੂੰ ਕਹਿੰਦਾ ਹੈ, ਹੇ ਪ੍ਰਮਾਤਮਾ, ਮੇਰੇ ਬੱਚਿਆਂ ਨੂੰ ਕੱਲਯੁਗ ਦੀ ਇਸ ਕਾਲੀ ਹਨੇਰੀ ਤੋਂ ਬਚਾ ਲਵੀਂ | 

    ਅੱਜ ਸੂਬੇ ਵਿੱਚ ਅਨਪੜ੍ਹਤਾ ਅਤੇ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਲੋਕ ਅਫ਼ਸਰਾਂ ਅਤੇ ਸਿਆਸਤਦਾਨਾਂ ਦੀ ਮਿਲੀ-ਭੁਗਤ ਕਾਰਨ ਦੇਸੀ ਸ਼ਰਾਬ, ਕੈਪਸੂਲਾਂ, ਸਨਥੈਟਿਕ ਡ੍ਰਗਸ ਅਤੇ ਹੋਰਨਾ ਜਾਨ ਲੇਵਾ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ | ਸਿਆਸਤਦਾਨ ਤਾਕਤ ਦੀ ਪ੍ਰਾਪਤੀ ਦੀ ਲਾਲਸਾ ਵਿੱਚ ਆਪਣਾ ਜ਼ਮੀਰ ਵੇਚ ਕਰੋੜਾਂ ਰੁਪਏ ਚੋਣਾਂ ਵਿੱਚ ਖ਼ਰਚ ਕਰਦਾ ਹੈ ਅਤੇ ਆਪਣੀ ਸਾਂਝ ਉਹਨਾਂ ਲੋਕਾਂ ਨਾਲ ਪਾਉਂਦਾ ਹੈ ਜੋ ਉਹਨਾਂ ਲਈ ਨਸ਼ੇ ਅਤੇ ਪੈਸੇ ਵੰਡ ਸਕਦੇ ਹੋਣ ਅਤੇ ਆਮ-ਆਦਮੀ ਨੂੰ ਡੰਡੇ ਦੇ ਜ਼ੋਰ ਤੇ ਆਪਣੇ ਹੱਕ ਵਿੱਚ ਭੁਗਤਾ ਸਕਦੇ ਹੋਣ |  ਇਹ ਨਸ਼ੇ ਦੇ ਸੌਦਾਗਰ   ਚੋਣਾਂ ਵਿੱਚ ਜਿੱਤਣ ਵਾਲੀਆਂ ਪਾਰਟੀਆਂ ਨੂੰ ਭਾਰੀ ਚੰਦਾ ਵੀ ਦਿੰਦੇ  ਹਨ ਅਤੇ ਡਾਂਗ ਦੇ ਨਾਲ ਵੋਟਾਂ ਵੀ ਪਵਾਉਂਦੇ ਹਨ | ਪਾਰਟੀ ਤਾਕਤ ਵਿੱਚ ਆਉਣ ਤੋਂ ਬਾਅਦ ਇਹ ਲੋਕ ਆਪਣਾ ਨਸ਼ਿਆਂ ਦਾ ਕਾਰੋਬਾਰ ਰਾਸ਼ਟਰੀ ਪੱਧਰ ਤੇ ਕਰ ਨੌਜ਼ਵਾਨਾ ਦੀ ਜਵਾਨੀ ਨਸ਼ਿਆਂ ਵਿਚ ਡੋਬ ਦਿੰਦੇ  ਹਨ | ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਦੁੱਧ-ਮੱਖਣਾਂ ਨਾਲ ਪਲੀ ਜਵਾਨੀ ਕੁੱਝ ਕੰਮ ਕਰਨ ਦੀ ਬਜਾਏ ਮਾਂ ਦੀਆਂ ਵਾਲੀਆਂ ਅਤੇ ਘਰ ਦੇ ਭਾਂਡੇ ਤੱਕ ਵੇਚਣ ਲਈ ਮਜ਼ਬੂਰ ਹੋ ਜਾਂਦੀ ਹੈ | ਅੱਜ ਹਰ ਪਿੰਡ  ਵਿਚੋਂ ਅਕਸਰ  ਖ਼ਬਰ ਮਿਲਦੀ ਹੈ ਕਿ ਸਾਡੀ ਮੋਟਰ ਦਾ ਸਟਾਟਰ ਜਾਂ ਸਰਕਾਰੀ ਬਿਜਲੀ ਵਾਲਾ ਟ੍ਰਾਂਸਫਾਰ੍ਮਰ ਜਾਂ ਲੋਹੇ ਦਾ ਪੋਲ ਜਾਂ ਸਰਕਾਰੀ ਸਕੂਲ ਦੀਆਂ ਇੱਟਾਂ, ਪੱਖੇ, ਕਮਪਿਊਟਰ ਅਤੇ ਬੱਚਿਆਂ ਦਾ ਖਾਣਾ ਬਣਾਉਣ ਵਾਲਾ ਐਲ.ਪੀ.ਜੀ. ਸਲੰਡਰ ਚੋਰੀ ਹੋ ਗਿਆ ਹੈ | ਬਦਨਸੀਬ ਮਾਂ-ਬਾਪ ਆਪਣੇ ਜਵਾਨ ਬੱਚੇ ਦੀ ਨਸ਼ਿਆਂ ਤੋਂ ਹੋਈ ਮੌਤ ਤੇ ਉਸ ਦੀ ਚਿਤਾ ਨੂੰ ਅਗਨੀ ਭੇਂਟ ਕਰਦਿਆਂ ਆਪਣੇ ਕਰਮਾਂ ਨੂੰ ਕੋਸਦੇ ਹਨ ਅਤੇ ਉਸ ਤੋਂ ਉਲਟ ਨੌਜਵਾਨ ਬੱਚਿਆਂ ਦੇ ਕਾਤਲ - ਨਸ਼ਿਆਂ ਦੇ ਸੌਦਾਗਰ   – ਨਸ਼ਿਆਂ ਦੀ ਕਮਾਈ ਤੋਂ ਆਪਣੇ ਮਹਿਲ ਉਸਾਰ ਰਹੇ ਹਨ | ਮੈਂ  ਇਥੇ  ਇਹ ਨਹੀਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਵਿੱਚ ਕਿੰਨੇ ਨੌਜਵਾਨ ਬੱਚੇ ਨਸ਼ਿਆਂ ਦੀ ਬਲੀ ਚੜੇ  ਹਨ | ਇਸ ਦੀ ਗਿਣਤੀ ਤੁਸੀਂ ਪਿੰਡ ਪੱਧਰ ਤੇ ਆਪਣੇ ਪਿੰਡ ਦੀ ਸੱਥ ਵਿੱਚ ਬੈਠਕੇ ਆਪ ਹੀ ਕਰ ਲੈਣਾ|         

    ਕਹਿੰਦੇ ਹਨ ਦੁਨੀਆਂ ਵਿੱਚ ਕੋਈ ਵੀ ਚੀਜ਼ ਮੁਫ਼ਤ ਨਹੀਂ ਮਿਲਦੀ | ਜੇ ਕੋਈ ਸਿਆਸਤਦਾਨ ਵੋਟਰ ਨੂੰ ਚੰਦ ਰੁਪਿਆਂ ਦੀ ਖਾਤਰ ਖ਼ਰੀਦਾ ਹੈ ਜਾਂ ਸ਼ਰਾਬ ਆਦਿ ਵੰਡਦਾ ਹੈ ਤਾਂ ਉਹ ਕੋਈ ਦਾਨ-ਪੁੰਨ ਨਹੀਂ ਕਰ ਰਿਹਾ | ਉਸ ਨੇ ਸਤ੍ਹਾ ਵਿੱਚ ਆਕੇ ਆਪਣੇ ਪੈਸੇ ਵੋਟਰ ਤੋਂ ਹੀ ਵਸੂਲ ਕਰਨੇ ਹੁੰਦੇ ਹਨ | ਜਿਸ ਸਦਕਾ ਅੱਜ ਹਰ ਵੋਟਰ ਨੂੰ ਗੰਧਲੀ ਸਿਆਸਤ ਦਾ ਮੁੱਲ ਅਦਾ ਕਰਨਾ ਪੈ ਰਿਹਾ ਹੈ | ਪੰਜਾਬ ਦੇ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਖਾਤਿਰ ਸਦੀਆਂ ਤੋਂ ਪੰਜਾਬ ਦੀ ਮਿੱਟੀ ਨਾਲ ਬਣੀ ਸਾਂਝ ਨੂੰ ਤੋੜ ਦੂਸਰਿਆਂ ਸੂਬਿਆਂ ਜਾਂ ਵਿਦੇਸ਼ਾ ਵਿੱਚ ਵੱਸਣਾ ਸ਼ੁਰੂ ਹੋ ਗਏ ਹਨ | ਇਹਨਾਂ ਹਾਲਾਤਾਂ ਸਦਕਾ ਪੰਜਾਬ ਵਿਚੋਂ ਹਰ ਦੂਸਰਾ ਪੜਿਆ- ਲਿਖਿਆ  ਨੌਜਵਾਨ ਆਪਣੇ ਮਾਂ-ਬਾਪ, ਰਿਸ਼ਤੇਦਾਰ ਅਤੇ ਦੋਸਤਾਂ ਨੂੰ ਪਿੱਛੇ ਛੱਡ ਪ੍ਰਦੇਸ਼ਾਂ ਵਿੱਚ ਸਖ਼ਤ ਮਿਹਨਤ ਕਰ ਆਪਣਾ ਪਰਿਵਾਰ ਪਾਲ ਰਿਹਾ ਹੈ |    

    ਅੱਜ ਪੰਜਾਬ ਦਾ ਕੋਈ ਵੀ ਇਲਾਕਾ ਐਸਾ ਨਹੀਂ ਜਿਸ ਵਿੱਚ ਦੇਸ਼ੀ ਸ਼ਰਾਬ ਜਾਂ ਨਸ਼ਿਆਂ ਦਾ ਕਾਰੋਬਾਰ ਨਾ ਚਲਦਾ ਹੋਵੇ ਅਤੇ ਉਸ ਦਾ ਹਿੱਸਾ ਉਥੋਂ ਦੇ ਅਫ਼ਸਰ ਜਾਂ ਚੁਣੇ ਹੋਏ ਲੋਕ-ਨੁੰਮਾਂਇੰਦੇ ਨੂੰ ਨਾ ਜਾਂਦਾ ਹੋਵੇ |  ਇਥੇ  ਮੈਂ ਇਕ ਸਵਾਲ ਹਰ ਪੰਜਾਬੀ ਨੂੰ ਪੁੱਛਦਾ ਹਾਂ ਕਿ ਕੀ ਅੱਜ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਕਰਦਾ ਹੋਵੇ ਜਾਂ ਨਸ਼ਿਆਂ ਦਾ ਕਾਰੋਬਾਰ ਕਰਦਾ ਹੋਵੇ  ਤੇ ਤਹਾਨੂੰ ਪਤਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ? ਕਹਿੰਦੇ ਹਨ ਪੰਜਬ ਦੇ ਪਿੰਡ ਵਿੱਚ ਕਿਸੇ ਦੇ ਘਰ ਵਿੱਚ ਕੋਈ ਪਰਾਹੁਣਾ ਵੀ ਆ ਜਾਵੇ ਤੇ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਘਰ ਵਿੱਚ ਉਸ ਦੀ ਖਾਤਰਦਾਰੀ ਵਿੱਚ ਕੀ ਬਣ ਰਿਹਾ ਹੈ | ਅੱਜ ਪੰਜਾਬ ਦਾ ਕੋਈ ਵੀ ਘਰ ਜਾਂ ਪਰਿਵਾਰ ਐਸਾ ਨਹੀਂ ਜੋ ਹੱਥ ਖੜਾ ਕਰਕੇ ਇਹ ਕਹਿ ਸਕਦਾ ਹੋਵੇ ਕਿ ਨਸ਼ਿਆਂ ਦੀ ਕਾਲੀ ਹਨੇਰੀ ਨੇ ਪਿਛਲੇ ਤੀਹਾਂ ਸਾਲਾਂ ਵਿੱਚ ਉਹਨਾਂ ਦੇ ਪਰਿਵਾਰ ਤੇ ਵਾਰ ਨਹੀਂ ਕੀਤਾ |  ਅੱਜ ਇਸ ਨੁਕਸਾਨ  ਦੀ ਜ਼ਿੰਮੇਵਾਰੀ ਇੱਕਲੀ ਸੂਬਾ ਜਾਂ ਕੇਂਦਰ ਸਰਕਾਰ ਦੀ ਨਹੀਂ ਬਲਕਿ  ਹਰ ਬੰਦੇ, ਵੋਟਰ, ਸਰਪੰਚ, ਪਿੰਡ ਜਾਂ ਇਲਾਕੇ ਦੇ ਮੁਹਤਬਰਾਂ ਤੋਂ ਇਲਾਵਾ ਹਰ ਚੁਣੇ ਹੋਏ ਨੁੰਮਾਇੰਦੇ ਦੀ ਹੈ ਜਿਸ ਦੀ ਨੱਕ ਥੱਲੇ ਇਹ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੈ | ਮੰਦਭਾਗੀ ਗੱਲ੍ਹ  ਇਹ ਹੈ ਕਿ ਅੱਜ ਜਾਂ ਤਾਂ ਉਹ ਬੰਦਾ ਇਸ ਕਾਰੋਬਾਰ ਦਾ ਭਾਈਵਾਲ ਹੈ ਜਾਂ ‘ਬੰਦੇ-ਦੇ-ਰਾਜ’ ਵਿੱਚ ਉਸ ਦੀ ਤਾਕਤ ਦੇ ਡਰ ਤੋਂ ਅਪਣੀਆਂ ਅਖਾਂ ਬੰਦ ਕਰੀ ਬੈਠਾ ਹੈ | ਸੱਭ ਤੋਂ ਵੱਧ ਦੁੱਖ ਉਸ ਵੇਲੇ ਲੱਗਦਾ ਹੈ ਜਦੋਂ ਚੁਣਿਆਂ ਹੋਇਆ ਨੁਮਾਇੰਦਾ ਆਪਣੇ ਫ਼ਰਜਾਂ ਨੂੰ ਭੁੱਲ ਥਾਣਿਆਂ ਤੋਂ ਨਸ਼ੇ ਦੇ ਸੌਦਾਗਰਾਂ ਨੂੰ ਛੱਡਵਾਉਣ ਦੀ ਸ਼ਿਫਾਰਸ਼ ਕਰਦਾ ਹੈ ਅਤੇ ਆਪਣੀ ਆਉਣ ਵਾਲੀ ਪੀਹੜੀ ਲਈ ਨਸ਼ਿਆਂ ਦੇ ਰੰਗ ਵਿੱਚ ਡੁੱਬੀ ਕਾਲੇ ਧੰਨ ਦੀ ਕਮਾਈ ਘਰ ਲੈ ਕੇ ਜਾਂਦਾ ਹੈ ਅਤੇ ਫਿਰ ਆਪਣੇ ਬੱਚਿਆਂ ਤੋਂ ਚੰਗਿਆਈ ਦੀ ਆਸ ਰੱਖਦਾ ਹੈ | 

    ਮੈਂ ਇਸ ਲੇਖ ਰਾਹੀਂ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਅੱਜ ਪੰਜਾਬ ਵਿੱਚ ਕਿੰਨੇ ਘਰ ਜਾਂ  ਮੁੰਡੇ ਜਾਂ ਕੁੜੀਆਂ ਨਸ਼ੇ ਦੀ ਲਪੇਟ ਵਿੱਚ ਹਨ ਜਾਂ ਇਸ ਨੁਕਸਾਨ ਲਈ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਿਉਕਿ ਇਸ ਦੇ ਸਿੱਟੇ ਤੁਸੀਂ ਆਪ ਕੱਢ ਲੈਣੇ ਹਨ | ਪਰ ਜੇ ਅਸੀਂ ਸੱਮੁਚੇ ਪੰਜਾਬੀਆਂ ਨੇ ਇਸ ਮੁਸੀਬਤ ਦਾ ਹੱਲ ਨਾ ਲਭਾ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬ ਵਿੱਚ ਦੁੱਧ ਮੱਖਣਾਂ ਨਾਲ ਪਾਲੇ ‘ਉੱਚੇ-ਲੰਬੇ-ਗੱਭਰੂ’ਅਤੇ ਸੋਹਣੀਆਂ ਸੁਨਖੀਆਂ ਮੁਟਿਆਰਾਂ ਨਹੀਂ ਲਭਣਗੀਆਂ ਅਤੇ ਅਸੀਂ ਆਉਣ ਵਾਲੀ ਪੀਹੜੀ ਨੂੰ ਆਪਣੇ ਹੱਥੀਂ ਬਰਬਾਦ ਕਰ ਲਵਾਂਗੇ | ਹਰ ਵਸਨੀਕ, ਮਾਂ-ਬਾਪ, ਸਰਕਾਰ (ਸੂਬਾ-ਕੇਂਦਰ), ਸਿਆਸੀ- ਪਾਰਟੀਆਂ, ਅਫ਼ਸਰਾਂ  ਅਤੇ ਸਿਆਸਤਦਾਨਾਂ ਨੂੰ ਨਸ਼ਿਆਂ ਦੇ ਖਿਲਾਫ਼ ਆਪਣੀ ਜ਼ੁਮੇਵਾਰੀ ਚੁੱਕਣੀ ਪੈਣੀ ਹੈ | ਆਪਣੀ ਹੋਂਦ ਬਚਾਉਣ ਲਈ ਹਰ ਮਾਂ-ਬਾਪ ਨੂੰ ਵਿਆਹ-ਸ਼ਾਦੀਆਂ ਜਾਂ ਪ੍ਰਾਹੁਣਾਚਾਰੀ ਵਿੱਚ ਸ਼ਰਾਬ ਦੇ ਨਾਲ ਖਾਤਰਦਾਰੀ ਬੰਦ ਕਰਨੀ ਹੋਵੇਗੀ | ਸਰਕਾਰ ਨੂੰ ਆਪਣੀ ਆਮਦਨ ਪੰਜਾਬ ਦੇ ਹਰ ਪਿੰਡ ਵਿੱਚ ਸ਼ਰਾਬ ਦੇ ਠੇਕਿਆਂ ਦੀ ਥਾਂ ਕਾਰਖਾਨੇ ਖੋਲਕੇ ਕਰਨੀ ਹੋਵੇਗੀ ਤਾਂ ਜੋ ਲੋਕਾਂ ਨੂੰ ਵਪਾਰ ਅਤੇ ਰੁਜ਼ਗਾਰ ਦੋਨੋਂ ਹੀ ਮਿਲ ਸੱਕਣ | ਹਰ ਪੰਚਾਇਤ ਨੂੰ ਆਪਣੇ ਪਿੰਡਾ ਵਿਚ ਸ਼ਰਾਬ ਦੇ ਠੇਕਿਆਂ ਉੱਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਖ਼ਤ ਪਾਬੰਦੀ ਲਗਾਉਣੀ ਹੋਵੇਗੀ | ਸਿਆਸਤਦਾਨਾਂ ਨੂੰ ਚੋਣਾਂ ਜਿੱਤਣ ਲਈ ਨਸ਼ੇ ਦੇ ਸੌਦਾਗਰਾਂ ਨਾਲ ਸਾਂਝ, ਪੈਸੇ ਜਾਂ ਨਸ਼ੇ ਨਹੀਂ ਬਲਕਿ ਪਾਰਟੀ ਦੇ ਏਜੰਡੇ, ਇਲਾਕੇ ਦੇ ਮੁੱਦਿਆਂ ਅਤੇ ਲੋੜਾਂ ਨੂੰ ਸਮਝਣਾ  ਹੋਵੇਗਾ | ਅੱਜ ਹਰ ਸਿਆਸੀ  ਪਾਰਟੀ ਨੂੰ ਆਪਣੀ ਸਿਆਸਤ ਸਤ੍ਹਾ ਦੀ ਲਾਲਸਾ ਦੀ ਥਾਂ ਅਸੂਲਾਂ ਅਤੇ  ਲੋਕ ਹਿਤਾਂ ਦੀ ਖਾਤਿਰ ਕਰਨੀਂ ਹੋਵੇਗੀ ਨਹੀਂ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਛੇਵੇਂ ਦਰਿਆਂ ਵਿੱਚ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ ਅਤੇ ਨਾ ਹੀ ਕੋਈ ਘਰ  ਬਚਿਆ ਰਹਿ ਸਕਦਾ ਹੈ| ਅੱਜ ਸੂਬਾ, ਕੇਂਦਰ ਸਰਕਾਰਾਂ ਅਤੇ ਸਿਆਸਤਦਾਨ ਇਸ ਮੁੱਦੇ ਤੇ ਇਕ ਦੂਜੇ ਤੇ ਦੂਸ਼ਣਬਾਜ਼ੀ ਬੰਦ ਕਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਰਲਕੇ ਹੱਲ ਲੱਭਣ |

    ਅਮਨਪ੍ਰੀਤ ਸਿੰਘ ਛੀਨਾ  (M.Sc. ਆੱਕਸਫੋਰਡ ਯੁਨੀਵਰਸਿਟੀ )                                                                              www.amanpreetchhina.com
    M: 0044 788 622 9063 (UK)

    ਲੰਚ ਬੌਕਸ`: ਸਮਾਜਿਕ ਸੰਕਟ ਦੀਆਂ ਤੈਹਾਂ ਫਰੋਲਦਾ `ਅਰਥ ਭਰਪੂਰ ਸਿਨੇਮਾ`



  •  

    ਫ਼ਿਲਮਸਾਜ਼ ਰਿਤੇਸ਼ ਬੱਤਰਾ ਦੀ ਫ਼ਿਲਮ 'ਲੰਚ ਬੌਕਸ'ਮਨੁੱਖਤਾ ਨੂੰ ਕੁੱਲ ਘਰੇਲੂ ਉਤਪਾਦਨ(ਜੀ ਡੀ ਪੀ) ਵਾਧੇ ਤੋਂ ਕੁੱਲ ਘਰੇਲੂ ਖੁਸ਼ੀ(ਜੀ ਡੀ ਐਚ) ਵੱਲ ਜਾਣ ਦੀ ਤਾਕੀਦ ਕਰਦੀ ਹੈ।100 ਦੀ ਸਪੀਡ 'ਤੇ ਭੱਜ ਰਹੇ ਮਨੁੱਖ ਤੋਂ ਮੰਜ਼ਿਲ ਪੁੱਛਦੀ ? ਓਹਨੂੰ ਠਹਿਰਣ,ਸੋਚਣ,ਸਮਝਣ ਦਾ ਸੁਨੇਹਾ ਦਿੰਦੀ ਹੈ'।ਭਾਸ਼ਾ ਪ੍ਰਵਚਨੀ ਨਹੀਂ ਸੰਵਾਦੀ ਹੈ। 

    ਮੌਜੂਦਾ ਸ਼ਹਿਰੀ ਦੁਨੀਆ ਦਾ ਸਮਾਜਿਕ ਸੰਕਟ ਵੱਡਾ ਹੈ।ਪੂੰਜੀ ਵਾਧਾ ਸਮਾਜਿਕ ਘਰੇਲੂ ਬਖੇੜਿਆਂ/ਕਲੇਸ਼ਾਂ ਦਾ ਵਾਧਾ ਬਣਦਾ ਜਾ ਰਿਹਾ ਹੈ।ਜੋ ਸਿਆਸੀ ਧਰਾਵਾਂ ਸਮਝ ਦੇ ਪੱਧਰ 'ਤੇ 'ਅਤੀ ਆਰਥਿਕ ਵਿਕਾਸ' 'ਚੋਂ ਮਨੁੱਖੀ ਸਮਾਜਿਕ ਵਿਕਾਸ/ਸੰਤੁਸ਼ਟੀ ਦਾ ਹੱਲ ਲੱਭਦੀਆਂ ਨੇ,ਫ਼ਿਲਮਾਂ ਉਨ੍ਹਾਂ ਨੂੰ ਵੀ ਸੰਕੇਤਕ ਸਵਾਲ ਕਰਦੀ ਹੈ।ਮਨੁੱਖੀ ਸਮਾਜਿਕ ਸੰਕਟ ਦੀਆਂ ਬਰੀਕ ਤੰਦਾਂ ਨੂੰ ਫੜ੍ਹਦੀ ਸੂਖਮ ਭਾਸ਼ਾ ਸੰਵੇਦਨਹੀਣਤਾ ਨੂੰ ਸੰਵੇਦਨਾ 'ਚ ਬਦਲਦੀ ਹੈ'।


    'ਲੰਚ ਬੌਕਸ' ਪਿਆਰ ਦੀ ਅਣਹੋਂਦ ਤੇ ਇਕੱਲਤਾ ਨੂੰ ਚਿੰਨ੍ਹਤ ਕਰਦੀ,ਮਨੁੱਖੀ ਜ਼ਿੰਦਗੀ 'ਚ ਪਿਆਰ ਦੀ ਅਹਿਮੀਅਤ ਨੂੰ ਪ੍ਰਭਾਸ਼ਤ ਕਰਦੀ ਹੈ।ਹਿੰਦੀ ਦਾ ਮਸ਼ਹੂਰ ਵਿਵਾਦਤ ਲੇਖ਼ਕ ਤੇ 'ਹੰਸ' ਰਸਾਲੇ ਦੇ ਸੰਪਾਦਕ ਰਾਜੇਂਦਰ ਯਾਦਵ ਦਾ ਕਥਨ ਹੈ 'ਹਰ ਨਵਾਂ ਪਿਆਰ ਮਨੁੱਖ ਨੂੰ ਨਵੀ ਐਨਰਜੀ ਦਿੰਦਾ ਹੈ'।ਇਸੇ ਤਰ੍ਹਾਂ ਇਲਾ (ਨਿਮਰਤ ਕੌਰ) ਤੇ ਸਾਜਨ ਫਰਨਾਂਡੇਜ਼ (ਇਰਫਾਨ ਖਾਨ) ਦੀ ਬੇਰੰਗ ਜ਼ਿੰਦਗੀ 'ਲੰਚ ਬੌਕਸ' ਬਹਾਨੇ ਰੰਗੀਨ ਹੁੰਦੀ ਹੈ।'ਲੰਚ ਬੌਕਸ' ਜ਼ਰੀਆ ਬਣਦਾ ਹੈ'।ਇਲਾ ਦੇ 'ਲੰਚ ਬੌਕਸ' ਦੀ ਖੁਸ਼ਬੂ ਦੋਵਾਂ ਨੂੰ ਨਵੇਂ ਸਿਰਿਓਂ ਊਰਜਤ ਕਰਦੀ ਹੈ'। 


    ਫਰਨਾਂਡੇਜ਼ ਦੀ ਮ੍ਰਿਤਕ ਪਤਨੀ ਫ਼ਿਲਮ 'ਚ ਹਾਜ਼ਰ ਹੈ।ਉਹ ਥਾਂ-ਥਾਂ ਪਤਨੀ ਦਾ ਜ਼ਿਕਰ ਕਰਦਾ ਓਹਦੀਆਂ ਯਾਦਾਂ ਨਾਲ ਜਾ ਜੁੜਦਾ ਹੈ। ਫ਼ਿਲਮ ਭਾਵੇਂ ਇਲਾ ਤੇ ਫਰਨਾਂਡੇਜ਼ ਦੀ ਕਹਾਣੀ ਜ਼ਰੀਏ ਅੱਗੇ ਵਧਦੀ ਹੈ ਪਰ 'ਸ਼ੇਖ'(ਨਵਾਜ਼ੂਦੀਨ ਸਦੀਕੀ) ਦਾ ਬੇਹੱਦ ਪਿਆਰਾ ਤੇ ਬੇਪਰਵਾਹ ਅੰਦਾਜ਼ ਜ਼ਿੰਦਗੀ ਜਿਉਣ ਦੀ ਨਵੀਂ ਪਰਿਭਾਸ਼ਾ ਘੜ੍ਹਦਾ ਹੈ।


    ਸੰਕਟ 'ਚ ਘਿਰੇ ਮਨੁੱਖ ਲਈ ਸ਼ਬਦ ਨਾਲ ਸਾਂਝ ਦੀ ਮਹੱਤਤਾ ਫ਼ਿਲਮ ਬਾਖੂਬੀ ਸਮਝਾਉਂਦੀ ਹੈ। ਪੂਰੀ ਫ਼ਿਲਮ 'ਚ ਇਲਾ ਤੇ ਸਾਜਨ ਫਰਨਾਂਡੇਜ਼ ਇਕ ਵਾਰ ਵੀ ਫੋਨ 'ਤੇ ਜਾਂ ਸਿੱਧੀ ਗੱਲਬਾਤ ਨਹੀਂ ਹੁੰਦੀ,ਪਰ ਸ਼ਬਦ ਦੀ ਤਾਕਤ ਦੋਵਾਂ ਨੂੰ 'ਜ਼ਿੰਦਗੀ ਖੂਬਸੂਰਤ ਹੈ' ਦਾ ਅਹਿਸਾਸ ਕਰਵਾਉਂਦੀ ਹੈ'। 


    ਇਲਾ, ਸਾਜਨ ਫਰਨਾਂਡੇਜ਼ ਨੂੰ ਲਿਖਦੀ ਹੈ "ਚਿੱਠੀ 'ਚ ਤਾਂ ਕੋਈ ਕੁਝ ਵੀ ਲਿਖ ਸਕਦਾ ਹੈ।" ਜਿੰਨੀ ਸਹਿਜਤਾ ਨਾਲ ਇਲਾ ਔਰਤ ਦੀ ਹੋਣੀ ਚਿੱਠੀ 'ਚ ਬਿਆਨਦੀ ਹੈ, ਉਹ ਇਕੱਲਤਾ ਹੰਢਾ ਰਹੇ ਮਨੁੱਖ ਨੂੰ ਸ਼ਬਦ ਨਾਲ ਗਹਿਰੀ ਸਾਂਝ ਪਾਉਣ ਲਈ ਪ੍ਰੇਰਦੀ ਹੈ। 2-3 ਸਾਲ ਪਹਿਲਾਂ ਇਕ ਕੁੜੀ ਦੇ ਪਿਆਰ 'ਚ ਡੁੱਬੇ ਆਪਣੇ ਇਕ 'ਕਾਮਰੇਡ' ਦੋਸਤ (ਜੋ ਕੁਝ ਕਹਿਣ ਤੋਂ ਡਰਦਾ ਸੀ) ਨੂੰ ਬਿਜਲਈ ਸੰਵਾਦ ਦੇ ਸੰਦਰਭ 'ਚ ਮੈਂ ਇਹੀ ਗੱਲ ਕਹੀ ਸੀ "ਜਿਸ ਦਾ 'ਅੰਰਡਗਰਾਉਂਡ ਇਸ਼ਕ' ਅੱਜਕਲ੍ਹ ਸਿਖ਼ਰ ਛੂਹ ਰਿਹਾ ਹੈ"।


    ਔਰਤ ਮਰਦ ਨਾਲੋਂ ਜ਼ਿਆਦਾ ਗੁੰਝਲਦਾਰ ਤੇ ਸਪੱਸ਼ਟ ਹੁੰਦੀ ਹੈ। 'ਲੰਚ ਬੌਕਸ' 'ਚ ਇਲਾ ਦੀ ਸਖ਼ਸ਼ੀਅਤ ਇਸਦੀ ਝਲਕ ਹੈ। ਇਲਾ ਤੇ ਉਸਦੇ ਪਤੀ ਸਬੰਧ ਯੰਤਰੀ ਹਨ। ਫ਼ਿਲਮ 'ਚ ਪਤੀ ਦਾ ਫਰੇਮ ਵਾਰ ਵਾਰ ਬਿਜ਼ਨੈਸ ਨਿਊਜ਼ ਚੈਨਲ ਨਾਲ ਵਿਖਾਇਆ ਗਿਆ ਹੈ। ਜੋ ਬਜ਼ਾਰੀ ਮਨੁੱਖ ਦੇ ਪਰਿਵਾਰਕ/ਸਮਾਜਿਕ ਸੰਕਟ ਦੀ ਜੜ੍ਹ ਵੱਲ ਇਸ਼ਾਰਾ ਕਰਦਾ ਹੈ'। 


    ਫ਼ਿਲਮ 'ਚ ਸੁੰਘਣ ਸ਼ਕਤੀ ਦੀ ਪੇਸ਼ਕਾਰੀ ਬੜੀ ਸ਼ਾਨਦਾਰ ਤੇ ਦਵੰਦਵਾਦੀ ਹੈ। ਇਕ ਪਾਸੇ ਹਰ ਰੋਜ਼ ਇਲਾ ਦੇ 'ਲੰਚ ਬੌਕਸ' ਦੀ ਖੂਸ਼ਬੋ ਸੁੰਘਣ ਨਾਲ ਸਾਜਨ ਫਰਨਾਂਡੇਜ਼ ਦੀ ਜਾਨ 'ਚ ਜਾਨ ਪੈਂਦੀ ਹੈ ਤੇ ਦੂਜੇ ਪਾਸੇ ਇਲਾ ਆਪਣੇ ਪਤੀ ਦੇ ਕੱਪੜਿਆਂ ਦੀ ਹਵਾੜ ਸੁੰਘਣ ਨਾਲ ਹੀ ਅੰਦਾਜ਼ਾ ਲਗਾ ਲੈਂਦੀ ਹੈ ਕਿ 'ਪਤੀ ਦਾ ਚੱਕਰ ਕਿਤੇ ਹੋਰ ਚੱਲ ਰਿਹਾ ਹੈ'।

    ਸੰਕਟ 'ਚ ਔਰਤ ਦੀ ਤ੍ਰਾਸਦੀ ਦੋਹਰੀ ਹੁੰਦੀ ਹੈ।ਇਲਾ, ਇਲਾ ਦੀ ਮਾਂ, ਸ਼ੇਖ ਦੀ ਪਤਨੀ ਤੇ ਦੇਸ਼ਪਾਂਡੇ ਆਂਟੀ(ਪੂਰੀ ਫ਼ਿਲਮ ਸਿਰਫ਼ ਅਵਾਜ਼ ਹੈ) ਇਸਦੀਆਂ ਗਵਾਹ ਹਨ।ਇਹ ਸੰਕਟਾਂ ਭਰੀ ਜ਼ਿੰਦਗੀ ਨਾਲ ਦਲੇਰੀ ਨਾਲ ਟਕਰਾਉਂਦੀਆਂ ਹਨ। ਫ਼ਿਲਮ ਦਾ ਇਕ ਦ੍ਰਿਸ਼ ਔਰਤ ਦੀ ਜ਼ਿੰਦਗੀ ਦੀ ਕਰੂਰਤਾ ਪੇਸ਼ ਕਰਦਾ ਹੈ। ਇਲਾ ਦੇ ਪਿਤਾ ਦੀ ਮੌਤ ਦੇ ਸੋਗ 'ਚ ਲਾਸ਼ ਕੋਲ ਬੈਠੀ ਮਾਂ 'ਮੁਕਤ' ਅੰਦਾਜ਼ 'ਚ ਭੁੱਖ ਜ਼ਾਹਰ ਕਰਕੇ ਖਾਣ ਲਈ ਪਰੌਂਠਾ ਮੰਗਦੀ ਹੈ'। ਇਹ 'ਭੁੱਖ' ਔਰਤ ਦੇ ਇਤਿਹਾਸ,ਭਵਿੱਖ ਤੇ ਵਰਤਮਾਨ ਨੂੰ ਇਕੋ ਥਾਂ ਲਿਆ ਖੜ੍ਹਾ ਕਰਦੀ ਹੈ'।

    ਫ਼ਿਲਮ ਦੇ ਸੰਵਾਦ ਛੋਟੇ ਹਨ ਪਰ ਬੇਹੱਦ ਡੂੰਘੇ ਹਨ। ਇਰਫਾਨ ਦੀ ਅਦਾਕਾਰੀ ਆਮ ਤੌਰ 'ਤੇ ਦੂਜੇ ਅਦਾਕਾਰਾਂ 'ਤੇ ਭਾਰੂ ਪੈਂਦੀ ਹੈ ਪਰ ਨਿਮਰਤ ਕੌਰ ਦੀ ਸਹਿਜ ਅਦਾਕਾਰੀ 'ਚ ਸਾਜਨ ਪਿਆਰ ਦੀ ਭੁੱਖ ਵਾਂਗ ਸਮਾ ਜਾਂਦਾ ਹੈ'।


    ਫ਼ਿਲਮ ਆਲਮੀਕਰਨ ਤੋਂ ਬਾਅਦ ਦੇ ਸ਼ਹਿਰੀ ਸਮਾਜ ਸੰਕਟ ਦਾ ਚਿੱਤਰਣ ਹੈ। ਪਿਛਲੇ ਦੋ ਦਹਾਕਿਆਂ ਦੇ ਮਕੈਨੀਕਲ ਵਿਕਾਸ ਦੇ ਸਮਾਜਿਕ ਬਦਲਾਵਾਂ ਨਾਲ ਪੈਦਾ ਹੋਏ ਸਮਾਜਿਕ ਸੰਕਟ ਨੂੰ ਸਮਝਣ ਦੀ ਕੋਸ਼ਿਸ਼ ਹੈ। ਆਲਮੀਕਰਨ ਦੇ ਦੌਰ ਤੋਂ ਬਾਅਦ ਦੇ ਸ਼ਹਿਰੀ ਸਮਾਜਿਕ ਸੰਕਟਾਂ ਨੂੰ ਸਾਡੀ ਕਿਸੇ ਸਿਆਸੀ ਧਾਰਾ ਨੇ ਫੜ੍ਹਨ, ਸਮਝਣ, ਸੁਲਝਾਉਣ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ। 30-35 ਕਰੋੜ ਲੋਕਾਂ ਲਈ ਕੋਈ ਠੋਸ ਪ੍ਰੋਗਰਾਮ ਵੀ ਨਹੀਂ। ਇਹਦਾ ਇਕ ਕਾਰਨ ਮਿਡਲ ਕਲਾਸ, ਅੱਪਰ ਮਿਡਲ ਕਲਾਸ ਨੂੰ ਅਛੂਤਾਂ ਵਾਂਗ ਦੇਖਿਆ ਜਾਣਾ।ਸ਼ਾਇਦ, ਜਿਵੇਂ ਇਹ ਕਿਸੇ ਸਮਾਜਿਕ-ਸਿਆਸੀ ਬਦਲਾਅ ਦਾ ਹਿੱਸਾ ਨਹੀਂ ਹੋਣਗੇ?

    'ਲੰਚ ਬੌਕਸ' ਵਰਗੇ ਸਿਨੇਮੇ ਵਲੋਂ ਇਕ ਬਰੀਕ ਗੰਝਲ 'ਤੇ ਗੱਲ ਕਰਨ ਦੀ ਕੋਸ਼ਿਸ਼ ਆਪਣੇ ਆਪ 'ਚ ਮਹੱਤਵਪੂਰਨ ਪਹਿਲ ਹੈ। "ਜੋ ਕੰਮ ਸਿਆਸਤ ਨੂੰ ਕਰਨੇ ਚਾਹੀਦੇ ਨੇ,ਓਹਦੀ ਸ਼ੁਰੂਆਤ ਸਿਨੇਮਾ ਕਰ ਰਿਹਾ ਹੈ"। 

    ਸੰਕਟ 'ਤੇ ਗੱਲ ਕਰਨ ਵਾਲੇ ਭਾਰਤੀ/ਪੰਜਾਬੀ ਸਿਨੇਮੇ ਦੀ ਸੁਰ ਹਮੇਸ਼ਾ ਪ੍ਰਵਚਨੀ ਰਹੀ ਹੈ, ਪਰ 'ਲੰਚ ਬੌਕਸ' ਵਰਗਾ ਸਹਿਜ ਤੇ ਅਰਥਭਰਪੂਰ ਸਿਨੇਮਾ ਦਰਸ਼ਕ ਦੀ ਸਮਝ 'ਤੇ ਸ਼ੱਕ ਨਾ ਕਰਦਾ ਹੋਇਆ ਪ੍ਰਵਚਨ ਦੇ ਉਲਟ ਸੰਵਾਦ ਤੇ ਸੰਵੇਦਨਾ ਨੂੰ ਤਰਜ਼ੀਹ ਦਿੰਦਾ ਹੈ'।

    ਇਹ ਸਾਡੇ ਦੌਰ ਦੇ ਅਰਥਭਰਪੂਰ ਸਿਨੇਮੇ ਵਲੋਂ ਸਮਾਜਿਕ ਤੈਹਾਂ ਫਰੋਲਣ ਦੀ ਨਵੀਂ ਸ਼ੁਰੂਆਤ ਹੈ।'ਲੰਚ ਬੌਕਸ' ਜਿਹੇ ਸਿਨੇਮੇ ਨੂੰ ਪਿਆਰ ਦੇਣ ਦੀ ਜ਼ਰੂਰਤ ਹੈ।

    ਯਾਦਵਿੰਦਰ ਕਰਫਿਊ

    Wednesday, 16 October 2013

    ਸੂਫ਼ੀ ਸਾਧਕ/ਦਾਰਸ਼ਨਿਕ ਮੌਲਾਨਾ ਜਲਾਲ-ਉਦ-ਦੀਨ ਰੂਮੀ




    ਜੋ ਕੁਝ ਹੈ ਮਾਅਸ਼ੂਕ ਹੈ ਸੱਭੋ, ਆਸ਼ਕ ਹੈ ਇਕ ਪਰਦਾ।
    ਜ਼ਿੰਦਾ ਹੈ ਮਾਅਸ਼ੂਕ ਕਦੀਮੀ, ਤੇ ਆਸ਼ਕ ਹੈ ਮਰਦਾ।
                                          (ਮਸਨਵੀ ਮੌਲਾਨਾ ਰੂਮ)

    ਮੌਲਾਨਾ ਜਲਾਲ-ਉਦ-ਦੀਨ-ਮੁਹੰਮਦ ਰੂਮੀ ਦਾ ਜਨਮ ਖੁਰਾਸਾਨ ਦੇ ਸ਼ਹਿਰ ਬਲਖ (ਅਫਗਾਨਿਸਤਾਨ) ਵਿਚ 30 ਸਤੰਬਰ 1207 ਨੂੰ ਹੋਇਆ। ਇਸ ਦਾ ਨਾਂ ਮੁਹੰਮਦ ਸੀ ਅਤੇ ਜਲਾਲ-ਉਦ-ਦੀਨ ਇਸ ਦਾ ਲਕਬ ਸੀ ਪਰ ਦੁਨੀਆਂ ਵਿਚ ਪ੍ਰਸਿੱਧੀ ਮੌਲਾਨਾ ਰੂਮ ਕਰਕੇ ਹੋਈ ਹੈ।

    ਆਪ ਦੇ ਪਿਤਾ ਦਾ ਨਾਂ ਸ਼ੇਖ ਬਹਾਉਦੀਨ ਵਲਦ ਸੀ ਜੋ ਦਰਵੇਸ਼ੀ ਅਤੇ ਦੀਨੀ ਇਲਮ ਦੇ ਗਿਆਨੀ ਸਨ। ਵਕਤ ਦੇ ਹਾਕਮ ਨਾਲ ਵਿਗੜ ਜਾਣ ਕਰਕੇ ਮੌਲਾਨਾ ਰੂਮ ਦੇ ਪਿਤਾ ਨੂੰ ਬਲਖ ਛੱਡ ਕੇ ਨਿਸ਼ਾਪੁਰ ਵੱਲ ਜਾਣਾ ਪਿਆ। ਇਸ ਸਮੇਂ ਮੌਲਾਨਾ ਰੂਮ ਦੀ ਉਮਰ ਛੇ ਸਾਲ ਦੀ ਸੀ। ਸ਼ੇਖ ਬਹਾਉਦੀਨ ਜਦ ਆਪਣੇ ਤਿੰਨ ਸੌ ਮੁਰੀਦਾਂ ਨਾਲ ਨਿਸ਼ਾਪੁਰਾ ਪੁੱਜਾ ਤਾਂ ਉਸ ਦੀ ਮੁਲਾਕਾਤ ਫਰੀਦ-ਉਦ-ਦੀਨ ਅੱਤਾਰ ਨਾਲ ਹੋਈ ਜਿਸ ਨੇ ਬਾਲਕ ਰੂਮੀ ਦੇ ਸਿਰ ਉਪਰ ਮਿਹਰ ਭਰਿਆ ਹੱਥ ਰੱਖ ਕੇ ਇਹ ਭਵਿੱਖਬਾਣੀ ਕੀਤੀ ਸੀ ਕਿ ਇਹ ਬੱਚਾ ਜਗਤ-ਪ੍ਰਸਿੱਧ ਆਲਿਮ ਬਣੇਗਾ। ਰੂਮੀ ਨੇ ਆਪਣੀ ਮੁੱਢਲੀ ਵਿਦਿਆ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ। ਪਿਤਾ ਦੇ ਦੇਹਾਂਤ ਪਿੱਛੋਂ ਆਪ ਨੇ ਸ਼ਾਮ ਦੇਸ਼ (ਸੀਰੀਆ) ਦਾ ਸਫਰ ਕੀਤਾ। ਉਸ ਸਮੇਂ ਦਮਿਸ਼ਕ ਅਤੇ ਹਲਬ ਗਿਆਨ ਪ੍ਰਾਪਤੀ ਦੇ ਮਹੱਤਵਪੂਰਨ ਕੇਂਦਰ ਸਨ। ਮੌਲਾਨਾ ਰੂਮ ਨੇ ਹਲਬ ਪਹੁੰਚ ਕੇ 'ਮਦਰਸਾ-ਇ-ਹਲਾਵੀਆ' ਵਿਚੋਂ ਅਰਬੀ, ਫਿਕਰ, ਹਦੀਸ, ਤਫਸੀਰ ਅਤੇ ਦਰਸ਼ਨ ਸ਼ਾਸਤਰ ਦੀ ਵਿਦਿਆ ਪ੍ਰਾਪਤ ਕੀਤੀ। ਇਸ ਪਿੱਛੋਂ ਸੱਤ ਸਾਲ ਦਮਿਸ਼ਕ ਦੀ ਸੰਸਥਾ ਵਿਚੋਂ ਤਾਲੀਮ ਹਾਸਲ ਕੀਤੀ ਅਤੇ ਧਰਮ ਸ਼ਾਸਤਰਾਂ ਦਾ ਡੂੰਘਾ ਅਧਿਅਨ ਕੀਤਾ। ਇਸ ਪਿੱਛੋਂ ਆਪ ਕੂਨੀਆ ਆ ਗਏ। ਇਥੇ ਆ ਕੇ ਇਨ੍ਹਾਂ ਨੇ ਮਦਰਸਾ ਖੋਲ੍ਹ ਕੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਆਪ ਦੇ ਵਿਦਿਆਰਥੀਆਂ ਦੀ ਗਿਣਤੀ ਚਾਰ ਸੌ ਦੇ ਕਰੀਬ ਸੀ। ਇਸ ਵੇਲੇ ਆਪ ਦੀ ਉਮਰ ਭਾਵੇਂ ਚਾਲੀ ਸਾਲ ਦੀ ਸੀ ਪਰ ਮਜ਼ਹਬੀ ਗੋਸ਼ਟੀਆਂ ਅਤੇ ਧਾਰਮਿਕ ਭਾਸ਼ਣਾਂ ਕਰ ਕੇ ਇਨ੍ਹਾਂ ਦਾ ਲੋਕਾਂ ਵਿਚ ਏਨਾ ਸਤਿਕਾਰ ਹੋ ਗਿਆ ਆਪ ਨੂੰ 'ਅਬ-ਉਲ-ਮਆਲੀ' (ਪਤਵੰਤਿਆਂ ਦਾ ਬਾਬਾ) ਕਿਹਾ ਜਾਣ ਲੱਗਾ। ਆਪ ਗੱਦੀਦਾਰਾਂ ਵਾਂਗ ਲੋਕਾਂ ਨੂੰ ਧਰਮ ਉਪਦੇਸ਼ ਦਿੰਦੇ ਸਨ ਅਤੇ ਦੀਨਦਾਰ ਆਲਮਾਂ (ਵਿਦਵਾਨਾਂ) ਵਾਂਗ ਖਾਸ ਕਿਸਮ ਦੀ ਦਸਤਾਰ ਸਜਾਉਂਦੇ ਸਨ।

    ਸ਼ਮਸ ਤਬਰੇਜ਼ ਦੀ ਮੁਲਾਕਾਤ ਮੌਲਾਨਾ ਰੂਮੀ ਦੇ ਜੀਵਨ ਦੀ ਅਹਿਮ ਘਟਨਾ ਸੀ ਜਿਸ ਨੇ ਆਪ ਦੇ ਜੀਵਨ ਵਿਚ ਇਨਕਲਾਬੀ ਤਬਦੀਲੀ ਲਿਆਂਦੀ। ਆਪ ਸ਼ਮਸ ਤਬਰੇਜ਼ ਨੂੰ ਕੂਨੀਆ ਵਿਚ ਮਿਲੇ ਸਨ। ਕਿਹਾ ਜਾਂਦਾ ਹੈ ਕਿ ਦੋਵੇਂ ਬਜ਼ੁਰਗ 6 ਮਹੀਨੇ ਸਲਾਹ-ਉਦ-ਦੀਨ ਦੀ ਕੋਠੜੀ ਵਿਚ ਸਾਧਨਾ-ਮਗਨ ਰਹੇ। ਇਸ ਸਮੇਂ ਵਿਚ ਅੰਨ-ਪਾਣੀ ਵੀ ਬੰਦ ਰਿਹਾ। ਰੂਮੀ ਆਪ ਲਿਖਦੇ ਹਨ ਕਿ ਮੈਂ ਕਦੀ ਵੀ ਮੌਲਾਨਾ ਰੂਮ ਦੀ ਗੌਰਵਮਈ ਪਦਵੀ ਪ੍ਰਾਪਤ ਨਾ ਕਰ ਸਕਦਾ ਜੇਕਰ ਸ਼ਮਸ ਤਬਰੇਜ਼ ਦੀ ਗੁਲਾਮੀ ਵਿਚ ਨਾ ਆਉਂਦਾ। ਸਹੀ ਅਰਥਾਂ ਵਿਚ ਸ਼ਮਸ ਤਬਰੇਜ਼ ਹੀ ਮੌਲਾਨਾ ਰੂਮ ਦਾ ਮੁਰਸ਼ਦ ਸੀ ਅਤੇ ਦੋਹਾਂ ਦਾ ਏਨਾ ਪ੍ਰੇਮ ਸੀ ਕਿ ਰੂਮੀ ਤਬਰੇਜ਼ੀ ਅਤੇ ਤਬਰੇਜ਼ੀ ਰੂਮ ਹੋ ਚੁੱਕੇ ਸਨ। ਸ਼ਮਸ ਦੇ ਅਲੋਪ ਹੋ ਜਾਣ ਪਿੱਛੋਂ ਮੌਲਾਨਾ ਰੂਮ ਆਪਣੇ ਗੁਰ ਭਾਈ ਸਲਾਹ-ਉਦ-ਦੀਨ ਦੀ ਸੁਹਬਤ ਵਿਚ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਰਹੇ। ਇਸ ਦੇ ਅਕਾਲ ਚਲਾਣੇ ਪਿੱਛੋਂ ਮੌਲਾਨਾ ਰੂਮੀ ਨੇ ਆਪਣੇ ਮੁਰੀਦ ਹੁਸਾਮ-ਉਦ-ਦੀਨ ਚਿਲਪੀ ਨੂੰ ਆਪਣਾ ਮਹਿਰਮ ਬਣਾ ਲਿਆ ਅਤੇ ਆਪਣੀ ਜਗਤ ਪ੍ਰਸਿੱਧ ਰਚਨਾ 'ਮਸਨਵੀ' ਦੇ ਲਿਖਣ ਦਾ ਪ੍ਰੇਰਨਾ ਸਰੋਤ ਵੀ ਆਪਣੇ ਇਸੇ ਸ਼ਾਗਿਰਦ ਨੂੰ ਬਣਾਇਆ।

    ਮੌਲਾਨਾ ਰੂਮ ਸੂਫ਼ੀ ਸਾਧਕ ਹੁੰਦਾ ਹੋਇਆ ਵੀ ਦੁਨੀਆਂਦਾਰ ਸੀ। ਆਪ ਦੀਆਂ ਦੋ ਸ਼ਾਦੀਆਂ ਹੋਈਆਂ ਸਨ। ਪਹਿਲੀ ਸ਼ਾਦੀ ਸਮਰਕੰਦ ਵਾਸੀ ਖ਼ਵਾਜਾ ਸ਼ਰਫ-ਉਦ-ਦੀਨ ਦੀ ਪੁੱਤਰੀ ਗੌਹਰ ਖ਼ਾਤੂਨ ਨਾਲ ਲਾਰਿੰਦ ਵਿਚ ਹੋਈ ਸੀ। ਇਸ ਸਮੇਂ ਮੌਲਾਨਾ ਦੀ ਉਮਰ ਉੱਨੀ ਸਾਲ ਦੀ ਸੀ। ਇਸ ਸ਼ਾਦੀ ਤੋਂ ਮੌਲਾਨਾ ਦੇ ਘਰ ਦੋ ਪੁੱਤਰ ਅਲਾ-ਉਦ-ਦੀਨ ਅਤੇ ਬਹਾ-ਉਦ-ਦੀਨ ਸੁਲਤਾਨ ਵਲਦ ਪੈਦਾ ਹੋਏ। ਗੌਹਰ ਖ਼ਾਤੂਨ ਦੇ ਚਲਾਣਾ ਕਰ ਜਾਣ ਪਿੱਛੋਂ ਆਪ ਨੇ ਦੂਜੀ ਸ਼ਾਦੀ ਕੂਨੀਆ ਦੀ ਇਕ ਯੁਵਤੀ ਕਰਾ ਖ਼ਾਤੂਨ ਨਾਲ ਕੀਤੀ। ਇਸ ਤੋਂ ਇਕ ਪੁੱਤਰ ਮੁਜ਼ਫਰ-ਉਦ-ਦੀਨ ਤੇ ਇਕ ਧੀ ਮਲਿਕਾ ਖ਼ਾਤੂਨ ਪੈਦਾ ਹੋਏ।

    ਆਪ ਬਾਰੇ ਕਾਫੀ ਕਹਾਣੀਆਂ ਪ੍ਰਚਲਤ ਹਨ। 672 ਹਿਜਰੀ ਵਿਚ ਕੂਨੀਆ ਵਿਚ ਜ਼ਬਰਦਸਤ ਭੁਚਾਲ ਆਇਆ ਸੀ ਤੇ ਚਾਲੀ ਦਿਨ ਰਿਹਾ ਸੀ। ਲੋਕ ਡਰ ਕੇ ਮੌਲਾਨਾ ਪਾਸ ਆਏ ਅਤੇ ਭੁਚਾਲ ਬਾਰੇ ਪੁੱਛਿਆ। ਮੌਲਾਨਾ ਨੇ ਉਤਰ ਦਿੱਤਾ ਕਿ ਧਰਤੀ ਭੁੱਖੀ ਹੈ ਅਤੇ ਕੋਈ ਤਰ ਲੁਕਮਾ (ਚੰਗਾ ਭੋਜਨ) ਚਾਹੁੰਦੀ ਹੈ। ਕੁਝ ਦਿਨਾਂ ਮਗਰੋਂ ਮੌਲਾਨਾ ਅਚਾਨਕ ਬਿਮਾਰ ਹੋ ਗਿਆ। ਸ਼ੇਖ ਸਦਰ-ਉਦ-ਦੀਨ ਆਪਣੇ ਮੁਰੀਦਾਂ ਸਮੇਤ ਖਬਰ ਨੂੰ ਆਏ। ਸ਼ੇਖ ਨੇ ਤੰਦਰੁਸਤੀ ਲਈ ਖੁਦਾ ਅੱਗੇ ਬੇਨਤੀ ਕੀਤੀ। ਪਰ ਮੌਲਾਨਾ ਰੂਮ ਨੇ ਕਿਹਾ ਕਿ ਤਾਲਿਬ ਅਤੇ ਮਤਲੂਬ ਵਿਚ ਮਾਮੂਲੀ ਪਰਦਾ ਰਹਿ ਗਿਆ ਹੈ। ਕੀ ਤੁਸੀਂ ਨਹੀਂ ਚਾਹੁੰਦੇ ਕਿ ਪਰਦਾ ਚਾਕ ਹੋ ਜਾਵੇ ਤੇ ਨੂਰ-ਨੂਰ ਵਿਚ ਮਿਲ ਜਾਵੇ।

    ਅਖੀਰ ਆਪ 1273 ਈ. ਨੂੰ ਰੱਬ ਨੂੰ ਪਿਆਰੇ ਹੋ ਗਏ। ਵੇਲੇ ਦਾ ਬਾਦਸ਼ਾਹ, ਈਸਾਈ, ਯਹੂਦੀ, ਮੁਸਲਮਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪ ਦੇ ਜਨਾਜ਼ੇ ਵਿਚ ਸ਼ਾਮਲ ਹੋਏ। ਇਲਮ-ਉਦ-ਦੀਨ ਕੈਸਰ ਜੋ ਕੂਨੀਆ ਦਾ ਪ੍ਰਸਿੱਧ ਰਈਸ ਸੀ, ਨੇ 30 ਹਜ਼ਾਰ ਦਿਰਮ ਦੀ ਰਕਮ ਨਾਲ ਆਪ ਦੀ ਕਬਰ 'ਤੇ ਮਕਬਰਾ ਉਸਾਰਿਆ ਜਿਸ ਨੂੰ 'ਕੁਬਾ-ਇ-ਖ਼ਿਜ਼ਰਾ' ਕਿਹਾ ਜਾਂਦਾ ਹੈ। ਆਪ ਦਾ ਵੱਡਾ ਪੁੱਤਰ ਅਲਾ-ਉਦ-ਦੀਨ ਤਾਂ ਮਰ ਗਿਆ ਸੀ, ਇਸ ਲਈ ਦੂਜਾ ਪੁੱਤਰ ਬਹਾ-ਉਦ-ਦੀਨ ਸੁਲਤਾਨ ਵਲਦ ਆਪ ਦੀ ਗੱਦੀ ਦਾ ਵਾਰਸ ਬਣਿਆ।

    ਮੌਲਾਨਾ ਰੂਮੀ ਇਕ ਆਲਿਮ ਸੂਫ਼ੀ ਸਨ। ਆਪ ਇਲਮ ਵਿਚ ਪੂਰੇ ਅਤੇ ਅਮਲ ਵਿਚ ਕਾਮਿਲ ਸਨ। ਆਪ ਦਾ ਜੀਵਨ ਅਧਿਆਤਮਕ ਗਿਆਨ, ਅਨੁਭਵ ਅਤੇ ਕਰਮ ਦੀ ਤ੍ਰਿਵੇਣੀ ਸੀ। ਆਪ ਦੀਆਂ ਅੱਖਾਂ ਵਿਚ ਰੂਹਾਨੀ ਅਜ਼ਮਤ ਦਾ ਜਲਾਲ ਅਤੇ ਇਸ਼ਕ ਹਕੀਕੀ ਦੀ ਮਸਤੀ ਸੀ। ਆਪ ਕਿਹਾ ਕਰਦੇ ਸਨ ਕਿ ਸੱਚਾ ਸੁੱਚਾ ਸੂਫ਼ੀ ਮਜ਼ਹਬ ਬਾਰੇ ਰੂੜ੍ਹੀਵਾਦੀ ਮੁੱਲਾਂ ਦੇ ਮੁਕਾਬਲੇ ਵਿਚ ਵਧੇਰੇ ਉਦਾਰਵਾਦੀ ਅਤੇ ਰਵਾਂਦਾਰ ਹੁੰਦਾ ਹੈ। ਆਪ ਦੀਆਂ ਪ੍ਰਸਿੱਧ ਰਚਨਾਵਾਂ 'ਦੀਵਾਨ-ਇ-ਸ਼ਮਸ ਤਬਰੇਜ਼', 'ਮਸਨਵੀ', 'ਰੁਬਾਈਆਤ' ਅਤੇ 'ਫੀਹੀ ਮਾ ਫੀਹੀ' ਆਦਿ ਹਨ।

    ਦੀਵਾਨ-ਇ-ਸ਼ਮਸ ਤਬਰੇਜ਼ ਆਪ ਦਾ ਗ਼ਜ਼ਲਾਂ ਦਾ ਸੰਗ੍ਰਹਿ ਹੈ ਜਿਸ ਵਿਚ ਮਾਰਫਤ ਦੇ ਰੰਗ ਵਿਚ ਰੰਗੇ ਤਕਰੀਬਨ ਪੰਜਾਹ ਹਜ਼ਾਰ ਸ਼ਿਅਰ ਹਨ। ਇਹ ਗ਼ਜ਼ਲਾਂ ਵਧੇਰੇ ਕਰਕੇ ਸ਼ਮਸ ਤਬਰੇਜ਼ ਦੇ ਵਿਯੋਗ ਵਿਚ ਲਿਖੀਆਂ ਗਈਆਂ ਹਨ। ਦੂਜੀ ਰਚਨਾ ਮਸਨਵੀ ਜਿਸ ਨੂੰ 'ਮਸਨਵੀ-ਇ-ਮੌਲਾਨਾ ਰੂਮ' ਵੀ ਕਿਹਾ ਜਾਂਦਾ ਹੈ, ਜਗਤ ਪ੍ਰਸਿੱਧ ਰਚਨਾ ਹੈ। ਈਰਾਨ ਦੇ ਲੋਕ ਇਸ ਨੂੰ ਕੁਰਾਨ ਦੇ ਤੁੱਲ ਮੰਨਦੇ ਹਨ ਜਦ ਕਿ ਸੂਫ਼ੀ ਲੋਕ ਇਸ ਨੂੰ ਦੋਜ਼ਖ ਦੀ ਅੱਗ ਕਟਣ ਵਾਲੀ ਰਚਨਾ ਦੱਸਦੇ ਹਨ। ਇਸ ਦੇ ਸ਼ਿਅਰਾਂ ਦੀ ਗਿਣਤੀ 26,660 ਹੈ। ਇਸ ਰਚਨਾ ਦਾ ਵਿਸ਼ਾ ਆਪਣੇ ਅਸਲੇ ਨਾਲੋਂ ਵਿਛੜੀ ਆਤਮਾ ਦੀ ਪੁਕਾਰ ਹੈ। ਮੌਲਾਨਾ ਨੇ ਇਸ ਨੂੰ ਬੰਸਰੀ ਦਾ ਰੂਪਕ ਰਾਹੀਂ ਪੇਸ਼ ਕੀਤਾ ਹੈ। ਇਹ ਰਚਨਾ ਮਾਰਫਤ ਦਾ ਇਕ ਸਾਗਰ ਹੈ ਜਿਸ ਵਿਚ ਗੋਤਾ ਲਾਉਣ ਨਾਲ ਪਾਠਕ ਇਹ ਸੋਚਣ ਲਈ ਮਜਬੂਰ ਹੁੰਦਾ ਹੈ ਕਿ ਮੈਂ ਕੀ ਹਾਂ ਅਤੇ ਮੇਰੇ ਜੀਵਨ ਦਾ ਮਨੋਰਥ ਕੀ ਹੈ? ਇਸ ਰਚਨਾ ਵਿਚੋਂ ਮੌਲਾਨਾ ਰੂਮ ਦਾ ਤੌਹੀਦੀ ਸਿਧਾਂਤ ਅਤੇ ਵਹਦਤ-ਉਦ-ਵਜੂਦ ਦੀ ਡਾਢੀ ਝਲਕ ਮਿਲਦੀ ਹੈ। ਉਹ ਪਰਮਾਤਮਾ ਨੂੰ ਸਾਗਰ ਅਤੇ ਜੀਵ ਆਤਮਾ ਨੂੰ ਤਰੰਗ ਨਾਲ ਉਪਮਾ ਦਿੰਦਾ, ਦੋਹਾਂ ਦਾ ਅਸਲਾ ਇਕ ਹੀ ਪ੍ਰਵਾਨ ਕਰਦਾ ਹੈ। ਤਰੰਗ ਤਾਂ ਅਲੋਪ ਹੋ ਜਾਂਦੀ ਹੈ ਪਰ ਸਾਗਰ, ਸਾਗਰ ਹੀ ਰਹਿੰਦਾ ਹੈ। ਇਵੇਂ ਸਥਾਈ ਹੋਂਦ ਸਾਗਰ ਦੀ ਹੈ, ਤਰੰਗ ਦੀ ਨਹੀਂ।

    ਮੌਲਾਨਾ ਰੂਮ ਮਨੁੱਖ ਦੀ ਸਮਰਥਾ ਦਾ ਬੋਧ ਕਰਵਾਉਂਦਾ ਹੋਇਆ ਉਸ ਨੂੰ ਅਜਿਹੇ ਵਿਅਕਤੀ ਨਾਲ ਤਸ਼ਬੀਹ ਦਿੰਦਾ ਹੈ ਜੋ ਸਿਰ ਉਪਰ ਰੋਟੀਆਂ ਦਾ ਟੋਕਰਾ ਚੁੱਕੀ, ਦਰ-ਦਰ ਭੀਖ ਮੰਗ ਰਿਹਾ ਹੋਵੇ। ਭਾਵ ਜੋ ਰਸ ਉਹ ਬਾਹਰੋਂ ਭਾਲ ਰਿਹਾ ਹੈ, ਉਹ ਉਸ ਦੇ ਅੰਦਰ ਹੈ। ਲੋੜ ਸਿਰਫ ਮਨ ਦੇ ਸ਼ੀਸ਼ੇ ਨੂੰ ਸਾਫ ਕਰਨ ਦੀ ਹੈ। ਮੌਲਾਨਾ ਰੂਮ ਇਸ ਰਚਨਾ ਵਿਚ ਸੂਫ਼ੀ ਦੀ ਸਾਧਨਾ ਦਾ ਸ਼ਾਹ ਰਾਹ ਇਸ਼ਕ ਨੂੰ ਪ੍ਰਵਾਨ ਕਰਦਾ ਹੈ। ਉਸ ਅਨੁਸਾਰ ਇਸ਼ਕ ਬ੍ਰਹਿਮੰਡ ਦੀ ਜਿੰਦ-ਜਾਨ ਹੈ। ਇਹ ਉਹ ਜਜ਼ਬਾ ਹੈ ਜਿਸ ਨਾਲ ਆਪਣੇ ਮੂਲ ਦੀ ਪਹਿਚਾਣ ਹੁੰਦੀ ਹੈ। ਅਧਿਆਤਮਵਾਦ ਵਿਚ ਇਸ਼ਕ ਮੰਜ਼ਿਲ ਵੀ ਹੈ, ਸਾਧਨ ਵੀ ਤੇ ਮਾਰਗ ਵੀ। ਇਸ਼ਕ ਦੀ ਸਮਝ ਕਾਮਿਲ ਮੁਰਸ਼ਦ ਤੋਂ ਬਿਨਾਂ ਨਹੀਂ ਪੈਂਦੀ। ਇਸੇ ਕਰਕੇ ਉਹ ਕਹਿੰਦਾ ਹੈ:

    ਬਿਨ ਮੁਰਸ਼ਿਦ ਜੋ ਵਿਚ ਤਰੀਕਤ ਵੜ ਕੇ ਹੋਇਆ ਰਾਹੀ।
    ਜਾਣੀ ਤੂੰ ਇਬਲੀਸ ਨੇ ਸੁੱਟਿਆ ਅੰਦਰ ਖੂਹ ਗੁਮਰਾਹੀ।

    ਮੌਲਾਨਾ ਰੂਮ ਦੀ ਤੀਜੀ ਰਚਨਾ 'ਫੀਹੀ ਮਾ ਫੀਹੀ' ਹੈ ਜੋ ਵੱਖ-ਵੱਖ ਸਮੇਂ ਵਿਚ ਮਈਨ-ਉਦ-ਦੀਨ ਪਰਵਾਨਾ ਨੂੰ ਲਿਖੀਆਂ ਚਿੱਠੀਆਂ ਦਾ ਸੰਗ੍ਰਹਿ ਹੈ। ਇਨ੍ਹਾਂ ਚਿੱਠੀਆਂ ਰਾਹੀਂ ਸੂਫ਼ੀ ਆਚਾਰ-ਵਿਹਾਰ ਅਤੇ ਸਾਧਨਾ ਬਾਰੇ ਰੋਸ਼ਨੀ ਪਾਈ ਗਈ ਹੈ।

    ਮੌਲਾਨਾ ਰੂਮ ਦੀ ਵਿਚਾਰਧਾਰਾ ਵਹਦਤ-ਉਲ-ਵਜੂਦ ਦੀ ਧਾਰਨੀ ਸੀ। ਆਪ ਦੇ ਪ੍ਰਮੁੱਖ ਵਿਚਾਰ ਇਸ ਪ੍ਰਕਾਰ ਹਨ:

    - ਸਤਿ ਦੇ ਉਪਾਸ਼ਕਾਂ ਦੀ ਉਪਾਸਨਾ ਵਿਚ ਸਾਰੇ ਪੈਗੰਬਰਾਂ ਦਾ ਜੱਸ ਇਕੱਠਾ ਗੁੰਨ੍ਹਿਆ ਹੁੰਦਾ ਹੈ। ਉਸ ਦੀਆਂ ਸਾਰੀਆਂ ਸਿਫਤਾਂ ਇਕੋ ਨਦੀ ਵਿਚ ਮਿਲੀਆਂ ਹੁੰਦੀਆਂ ਹਨ। ਸਾਰੇ ਭਾਂਡੇ ਇਕ ਵੱਡੇ ਗੰਗ-ਸਾਗਰ ਵਿਚ ਖਾਲੀ ਹੁੰਦੇ ਹਨ ਕਿਉਂਕਿ ਜਿਸ ਦਾ ਜੱਸ ਗਾਇਆ ਜਾਂਦਾ ਹੈ, ਉਹ ਅਸਲ ਵਿਚ ਇਕ ਹੈ।

    - ਪਰਮ ਸਤਿ ਅਸੀਮ ਸਾਗਰ ਹੈ, ਜਿਸ ਦੀ ਝੱਗ ਨੂੰ ਅਸਲ ਪਾਣੀ ਸਮਝ ਕੇ ਲੋਕ ਆਪਣੇ ਜੀਵਨ ਦੇ ਵਿਚਾਰਾਂ ਦੀਆਂ ਕਿਸ਼ਤੀਆਂ ਠੇਲ੍ਹ ਦਿੰਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਇਹ ਕਿਸ਼ਤੀਆਂ ਆਪੋ ਵਿਚ ਟਕਰਾਉਂਦੀਆਂ ਰਹਿੰਦੀਆਂ ਹਨ।

    - ਇਨਸਾਨੀ ਰੂਹ ਅਤੇ ਖੁਦਾ ਦੇ ਵਿਚਕਾਰ ਸਬੰਧ ਸਿਰਜਣਹਾਰ ਅਤੇ ਸਿਰਜਣਾ ਦਾ ਨਹੀਂ। ਖੁਦਾ ਨਿਰਵਿਕਾਰ ਹੈ ਅਤੇ ਰੂਹ ਵਿਚ ਇਲਾਹੀ ਜੋਤਿ ਹੋਣ ਦੇ ਕਾਰਨ ਸਦੀਵੀ ਹੈ। ਰੂਹਾਂ ਜਦ ਦ੍ਰਿਸ਼ਟੀਮਾਨ ਜਗਤ ਵਿਚ ਆਉਂਦੀਆਂ ਹਨ ਤਾਂ ਅਵਿੱਦਿਆ ਦੇ ਕਾਰਨ ਉਨ੍ਹਾਂ ਵਿਚ ਅਨੇਕਤਾ ਪ੍ਰਤੀਤ ਹੁੰਦੀ ਹੈ।

    ਰੂਹ ਦਾ ਆਪਣੇ ਅਸਲੇ ਪ੍ਰਤੀ ਖਿੱਚ ਦਾ ਨਾਂ ਇਸ਼ਕ ਹੈ। ਜੇ ਇਸ਼ਕ ਨਹੀਂ ਤਾਂ ਸਾਰੇ ਕਰਮ-ਧਰਮ ਹਨੇਰੇ ਵਿਚ ਟੱਕਰਾਂ ਮਾਰਨ ਬਰਾਬਰ ਹਨ। ਇਸ਼ਕ ਦਾ ਰਾਹ ਸਾਰੇ ਮਜ਼ਹਬਾਂ ਨਾਲੋਂ ਵੱਖਰਾ ਹੈ।

    ਭਰੋਸਾ ਬੰਦੇ ਨੂੰ ਆਪਣੇ ਕੰਮ ਉਤੇ ਅਤੇ ਜਾਂ ਫਿਰ ਖੁਦਾ ਉਪਰ ਕਰਨਾ ਚਾਹੀਦਾ ਹੈ। ਕਿਸੇ ਹੋਰ 'ਤੇ ਭਰੋਸਾ ਕਰਨਾ ਮੂਰਖਤਾ ਹੈ।

    ਮਹਾਨ ਵਿਚਾਰਾਂ ਨੂੰ ਮਹਾਨ ਸ਼ਾਇਰੀ ਰਾਹੀਂ ਰੂਪਮਾਨ ਕਰਨ ਕਰਕੇ ਆਰ.ਏ. ਨਿਕਲਸਨ ਮੌਲਾਨਾ ਰੂਮੀ ਨੂੰ ਅਲ-ਗ਼ੱਜ਼ਾਲੀ ਤੋਂ ਵਧੇਰੇ ਗੰਭੀਰ, ਵਿਸ਼ਾਲ ਅਤੇ ਦਾਰਸ਼ਨਿਕ ਕਵੀ ਪ੍ਰਵਾਨ ਕਰਦਾ ਹੈ। ਆਪ ਦੀ ਵਿਚਾਰਧਾਰਾ ਉਪਰ ਸ਼ਮਸ ਤਬਰੇਜ਼ ਦਾ ਪ੍ਰਛਾਵਾਂ ਸਦਾ ਰਿਹਾ ਹੈ। ਇਸੇ ਕਰਕੇ ਉਸ ਨੇ ਇਸ ਵਿਚਾਰਧਾਰਾ ਨੂੰ ਕਾਇਮ ਰੱਖਣ ਲਈ ਸ਼ਮਸ ਤਬਰੇਜ਼ ਦੀ ਯਾਦ ਵਿਚ ਮੌਲਵੀਆ ਜਾਂ ਜਲਾਲੀਆ ਸੰਪਰਦਾ ਚਲਾਈ ਸੀ, ਜਿਸ ਦੇ ਕੇਂਦਰ ਵਧੇਰੇ ਕਰਕੇ ਸ਼ਾਮ, ਮਿਸਰ ਤੇ ਕੁਸਤਨਤੁਨੀਆ ਵਿਚ ਹਨ। ਇਸ ਸੰਪਰਦਾ ਦੇ ਅਨੁਯਾਈ ਟੋਪੀ ਤੇ ਲੰਮਾ ਚੋਗਾ ਪਹਿਨਦੇ ਹਨ। ਇਹ ਟੋਪੀ ਤੇ ਚੋਗਾ ਸ਼ਮਸ ਤਬਰੇਜ਼ ਦਾ ਪਹਿਰਾਵਾ ਸੀ। ਮਸਤੀ ਵਿਚ ਆ ਕੇ ਨੱਚਣ ਕਰਕੇ ਇਨ੍ਹਾਂ ਨੂੰ 'ਨੱਚਦੇ ਦਰਵੇਸ਼' ਕਿਹਾ ਜਾਂਦਾ ਹੈ।

    ਮੌਲਾਨਾ ਰੂਮ ਆਪਣੇ ਦਾਰਸ਼ਨਿਕ ਵਿਚਾਰਾਂ ਕਰਕੇ ਸੂਫ਼ੀ ਜਗਤ ਵਿਚ ਧਰੂ ਤਾਰੇ ਵਾਂਗ ਅਟੱਲ ਹੈ। ਅਬਦੁਲ ਰਹਿਮਾਨ ਜ਼ਾਮੀ ਸੱਚ ਕਹਿੰਦਾ ਹੈ ਕਿ ਮੈਂ ਉਸ ਉੱਚੀ ਸ਼ਾਨ ਵਾਲੇ ਜਲਾਲ-ਉਦ-ਦੀਨ ਰੂਮੀ ਦੀ ਕੀ ਸਿਫਤ ਕਰਾਂ। ਉਹ ਪੈਗੰਬਰ ਤਾਂ ਨਹੀਂ ਪਰ ਇਲਹਾਮੀ ਕਿਤਾਬ ਜ਼ਰੂਰ ਰੱਖਦਾ ਹੈ।                                                                            -
    -  ਡਾ. ਗੁਲਜ਼ਾਰ ਸਿੰਘ ਕੰਗ

    ਅੱਖੀਂ ਵੇਖਿਆ ਵਾਹਗਾ ਬਾਰਡਰ


    ਅੱਖੀਂ ਵੇਖਿਆ ਵਾਹਗਾ ਬਾਰਡਰ
                                                                                                                                               -ਸੁਖਜਿੰਦਰ ਸਿੰਘ

    ਅਸੀਂ ਆਪਣੇ ਸਕੂਲ ਦੇ ਬੱਚਿਆਂ ਨਾਲ ਇਕਰਾਰ ਕੀਤਾ ਸੀ ਕਿ ਜਿਹੜੇ ਬੱਚੇ ਇਸ ਵਾਰ ਆਪਣੀ ਕਲਾਸ ਵਿਚ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕਰਨਗੇ ਉਨ੍ਹਾਂ ਨੂੰ ਅਕੈਡਮੀ ਵਲੋਂ ਬਾਬਾ ਬਕਾਲਾ, ਬੀੜ ਬਾਬਾ ਬੁੱਢਾ ਸਾਹਿਬ, ਦਰਬਾਰ ਸਾਹਿਬ, ਜਲ੍ਹਿਆਂ ਵਾਲਾ ਬਾਗ ਤੇ ਵਾਹਗਾ ਬਾਰਡਰ ਇਨਾਮ ਵਜੋਂ ਵਿਖਾਵਾਂਗੇ।
    ਇਸ ਸਾਰਾ ਕੁਝ ਸਲਾਹ-ਮਸ਼ਵਰਿਆਂ ਤੋਂ ਬਾਅਦ ਅਤੇ ਬੱਚਿਆਂ ਦੀ ਹਰ ਤਰ੍ਹਾਂ ਨਾਲ ਸੰਭਾਲ ਕਰਨ ਦੇ ਵਸੀਲੇ ਪੂਰੇ ਕਰਕੇ ਅੰਜਾਮ 'ਤੇ ਪਹੁੰਚਿਆ 5 ਮਈ, ਸ਼ਨਿਚਰਵਾਰ ਨੂੰ। ਬੱਚੇ ਸਵੇਰੇ 2 ਵਜੇ ਜਾਗੇ। ਜੈਮ ਤੇ ਬਰੈਡ ਦਾ ਨਾਸ਼ਤਾ, ਨਾਲ ਚਾਹ ਦਾ ਕੱਪ। ਤਿੰਨ ਬੱਸਾਂ ਅਕੈਡਮੀ ਦੇ ਬੱਚਿਆਂ ਨਾਲ ਭਰ ਕੇ ਅਸੀਂ ਕਰੀਬ 3.30 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋਏ। ਸਭ ਤੋਂ ਪਹਿਲਾਂ ਬਾਬਾ ਬਕਾਲਾ ਪਹੁੰਚੇ। ਉਥੇ ਸੇਵਾਦਾਰਾਂ ਨੇ ਬੱਚਿਆਂ ਨੂੰ ਬਹੁਤ ਆਦਰ-ਮਾਣ ਦਿੱਤਾ। ਉਨ੍ਹਾਂ ਬੱਚਿਆਂ ਨੂੰ ਲੰਗਰ ਛਕਾਇਆ। ਜਿਵੇਂ ਕਿ ਅਕੈਡਮੀ ਦੀ ਰਵਾਇਤ ਹੈ, ਲੰਗਰ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ, ਲੰਗਰ ਲਈ ਸੇਵਾ, ਲੰਗਰ ਵਿਚ ਲੱਗੀ ਗੋਲਕ ਵਿਚ ਪਾਈ। ਫਿਰ ਅਸੀਂ ਚੱਲੇ ਤਰਨ ਤਾਰਨ ਲਈ। ਗਰਮੀ ਦਾ ਮੌਸਮ ਹੋਣ ਕਰ ਕੇ ਸਾਨੂੰ ਪ੍ਰੋਗਰਾਮ ਵਿਚ ਕਾਫੀ ਅਦਲਾ-ਬਦਲੀ ਕਰਨੀ ਪੈ ਰਹੀ ਸੀ। ਅਸੀਂ ਡਰ ਰਹੇ ਸਾਂ ਕਿ ਕੋਈ ਬੱਚਾ ਗਰਮੀ ਵਿਚ ਉਲਝ ਨਾ ਜਾਵੇ। ਖੈਰ 9.30 ਵਜੇ ਅਸੀਂ ਤਰਨ ਤਾਰਨ ਸਾਹਿਬ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਉਸ ਉਪਰੰਤ ਅਸੀਂ ਦਰਬਾਰ ਸਾਹਿਬ ਆ ਗਏ। ਉਥੇ ਮੱਥਾ ਟੇਕਿਆ। ਪਰਸ਼ਾਦ ਕਰਵਾਇਆ। ਦੁਪਹਿਰ ਦਾ ਲੰਗਰ ਇਥੇ ਛਕਿਆ। ਗਰਮੀ ਜ਼ੋਰਾਂ ਦੀ ਪੈ ਰਹੀ ਸੀ। 3.30 ਵਜੇ ਤਕ ਆਰਾਮ ਕਰਨ ਦਾ ਪ੍ਰੋਗਰਾਮ ਬਣਾ, ਅਸੀਂ ਬੱਚਿਆਂ ਨੂੰ ਆਰਾਮ ਕਰਨ ਲਈ ਗੁਰੂ ਰਾਮਦਾਸ ਸਰਾਂ ਵਿਚ ਲੈ ਗਏ। 3.30 ਵਜੇ ਫਿਰ ਲੰਗਰ ਵਿਚ ਚਾਹ ਛਕ ਕੇ ਅਸੀਂ ਜਲ੍ਹਿਆਂ ਵਾਲੇ ਬਾਗ ਗਏ। ਉਥੇ ਬੱਚਿਆਂ ਨੂੰ ਇਸ ਬਾਗ ਦੀ ਅਹਿਮੀਅਤ ਦੱਸੀ। ਜਾਂਦੇ ਸਾਰ ਖੱਬੇ ਪਾਸੇ ਇਕ ਬੋਰਡ 'ਤੇ ਪੰਜਾਬੀ ਵਿਚ ਲਿਖਿਆ ਹੋਇਆ ਸੀ, '13 ਅਪਰੈਲ 1919 ਨੂੰ ਇਹ ਧਰਤੀ ਹਜ਼ਾਰਾਂ ਹਿੰਦੂਆਂ ਤੇ ਸਿੱਖਾਂ ਦੇ ਖੂਨ ਨਾਲ ਪਵਿੱਤਰ ਹੋਈ ਸੀ।'
    ਬੱਚੇ ਕਾਹਲੇ ਸਨ ਵਾਹਗਾ ਬਾਰਡਰ ਵੇਖਣ ਜਾਣ ਨੂੰ। ਅਸੀਂ ਸ਼ਾਮੀ 4.30 ਵਜੇ ਉਨ੍ਹਾਂ ਨੂੰ ਲੈ ਤੁਰੇ ਵਾਹਗਾ ਬਾਰਡਰ ਵੱਲ। 5.30 ਵਜੇ ਅਸੀਂ ਵਾਹਗਾ ਬਾਰਡਰ 'ਤੇ ਸਾਂ। ਬੱਚਿਆਂ ਨੂੰ ਬੱਸਾਂ ਤੋਂ ਉਤਾਰ, ਉਨ੍ਹਾਂ ਨੂੰ ਪਾਣੀ ਪਿਆ ਕੇ ਅਸੀਂ ਅੱਗੇ ਚੱਲ ਪਏ ਉਨ੍ਹਾਂ ਨੂੰ ਹਿੰਦੁਸਤਾਨ ਪਾਕਿਸਤਾਨ ਦੀ ਝੰਡਾ ਉਤਾਰਨ ਦੀ ਰਸਮ ਵਿਖਾਉਣ। ਭੀੜ ਕਾਫੀ ਸੀ। ਵਿਦੇਸ਼ਾਂ ਤੋਂ ਕਾਫੀ ਸੈਲਾਨੀ ਆਏ ਹੋਏ ਸਨ। ਅਸੀਂ ਅੰਦਰ ਚਲੇ ਗਏ। ਉਥੇ ਦੋਨਾਂ ਦੇਸ਼ਾਂ ਤੋਂ ਇਹ ਰਸਮਾਂ ਵੇਖਣ ਆਉਣ ਵਾਲਿਆਂ ਲਈ ਜਿਵੇਂ ਸਟੇਡੀਅਮ ਵਿਚ ਪੌੜੀਆਂ ਬਣੀਆਂ ਹੁੰਦੀਆਂ ਹਨ, ਇਸ ਤਰ੍ਹਾਂ ਬੈਠਣ ਦਾ ਇੰਤਜ਼ਾਮ ਸੀ। ਅਸੀਂ ਬੱਚਿਆਂ ਨੂੰ ਪੌੜੀਆਂ 'ਤੇ ਬਹਾ ਕੇ ਨਾਪਣ-ਤੋਲਣ ਲੱਗੇ ਕਿ ਕੀ ਹੋਣ ਵਾਲਾ ਹੈ। ਗਰਮੀ ਬਹੁਤ ਸੀ। ਲੋਕ ਕਾਫੀ ਉਤਸੁਕਤਾ ਨਾਲ ਰਸਮ ਦੀ ਉਡੀਕ ਕਰ ਰਹੇ ਸਨ। ਅਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਦੱਸਿਆ ਸੀ ਕਿ ਇਹ ਰਸਮ ਬਹੁਤ ਪਿਆਰੀ ਹੁੰਦੀ ਹੈ। ਹਿੰਦੁਸਤਾਨ ਤੇ ਪਾਕਿਸਤਾਨ ਦੇ ਰੇਂਜਰਜ਼ ਬਹੁਤ ਸੋਹਣੀ ਪੁਸ਼ਾਕ ਵਿਚ ਰਸਮੀ ਪਰੇਡ ਕਰਦੇ ਹਨ। ਫਿਰ ਬਿਗਲ ਵੱਜਦੇ ਹਨ। ਝੰਡੇ ਉਤਰਦੇ ਹਨ। ਇਕ ਅਲਵਿਦਾ ਹੁੰਦੀ ਹੈ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੋਵੇਂ ਚਾਚੇ ਤਾਇਆਂ ਦੇ ਪੁੱਤਰ, ਆਪਣੇ-ਆਪਣੇ ਇਲਾਕੇ ਵਿਚ ਆਰਾਮ ਕਰਨ ਚਲੇ ਜਾਂਦੇ ਹਨ ਪ੍ਰੰਤੂ ਸਾਨੂੰ ਵੇਖਣ ਨੂੰ ਉਥੇ ਕੁਝ ਹੋਰ ਹੀ ਮਿਲਿਆ। ਬਹੁਤ ਸੋਹਣੀਆਂ ਵਰਦੀਆਂ ਵਿਚ ਸਜੇ ਬੀ.ਐਸ.ਐਫ. ਦੇ ਜਵਾਨ ਜਿਨ੍ਹਾਂ ਦੀ ਗਿਣਤੀ ਕੋਈ 8 ਜਾਂ 10 ਸੀ, ਟਹਿਲ ਰਹੇ ਸਨ। ਲੋਕਾਂ ਨੂੰ ਕੰਟਰੋਲ ਕਰ ਰਹੇ ਸਨ। ਲਾਊਡ ਸਪੀਕਰ 'ਤੇ ਦੇਸ਼ ਪ੍ਰੇਮ ਦੇ ਗਾਣੇ ਚੱਲ ਰਹੇ ਸਨ। ਦੇਸ਼ ਪ੍ਰੇਮ ਦੇ ਗਾਣੇ ਬੰਦ ਹੋਏ, ਕੁਝ ਆਦੇਸ਼ ਦੇਣ ਲਈ ਬੀ.ਐਸ.ਐਫ. ਦੇ ਜਵਾਨ ਲੋਕਾਂ ਵਿਚ ਆਏ, ਜਵਾਨਾਂ ਨੇ ਦੱਸਿਆ ਕਿ ਸਭ ਲੋਕ ਆਰਾਮ ਨਾਲ ਆਪਣੀ-ਆਪਣੀ ਜਗ੍ਹਾ ਬੈਠੇ ਰਹਿਣ। ਜਦੋਂ ਰਸਮ ਹੋਵੇ ਤਾਂ ਸਾਰੇ ਲੋਕਾਂ ਨੇ ਹਿੰਦੁਸਤਾਨ ਦੀ ਜੈ, ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਹਨ ਤੇ ਪਾਕਿਸਤਾਨ ਦੀ ਹਾਏ-ਹਾਏ ਕਰਨੀ ਹੈ। ਇੰਨੇ ਜ਼ੋਰ ਨਾਲ ਬੋਲਣਾ ਹੈ ਕਿ ਲਾਹੌਰ ਤਕ ਆਵਾਜ਼ ਜਾਵੇ।
    ਮੈਂ ਇਸ ਤੋਂ ਪਹਿਲਾਂ ਆਲਮੀ ਪੰਜਾਬੀ ਕਾਨਫਰੰਸ ਲਾਹੌਰ ਜਾ ਕੇ ਆਇਆ ਸੀ। ਉਥੇ ਅਸੀਂ ਸਾਰੇ ਤੇ ਪਾਕਿਸਤਾਨੀ ਪੰਜਾਬੀ ਭਰਾ ਰੋਂਦੇ ਰਹੇ, ਜੱਫੀਆਂ ਪਾਉਂਦੇ ਰਹੇ, ਇਕ ਦੂਜੇ ਨੂੰ ਆਖੀਏ-ਅਸੀਂ ਭਰਾ-ਭਰਾ ਹਾਂ, ਸਾਡਾ ਕੀ ਵੰਡਿਆ। ਅਸੀਂ ਕਿਉਂ ਲੜੀਏ, ਜੇਕਰ ਚੀਨੀ ਆਦਾਨ-ਪ੍ਰਦਾਨ ਕਰ ਸਕਦੇ ਹਾਂ ਤਾਂ ਹੋਰ ਵਪਾਰ ਕਿਉਂ ਨਹੀਂ। ਅਸੀਂ ਦੋਵੇਂ ਦੇਸ਼ ਇਕ ਦੂਜੇ ਨੂੰ ਬਹੁਤ ਘੱਟ ਰੇਟ 'ਤੇ ਰੋਜ਼ ਦੀਆਂ ਲੋੜਾਂ ਦਾ ਸਾਮਾਨ ਇਕ ਦੂਜੇ ਨੂੰ ਦੇ ਸਕਦੇ ਹਾਂ। ਕਿਉਂ ਅਸੀਂ ਇਹ ਸਾਮਾਨ ਕਿਸੇ ਤੀਜੇ ਪਾਸੋਂ ਮਹਿੰਗੇ ਭਾਅ ਲੈਂਦੇ ਹਾਂ।
    ਮਨ ਬਹੁਤ ਉਦਾਸ ਹੋਇਆ, ਇਹ ਕੀ ਹੋਣ ਵਾਲਾ ਹੈ। ਇਹ ਨਾਅਰੇ ਲਾਉਣਗੇ। ਉਹ ਨਾਅਰੇ ਲਾਉਣਗੇ। ਫਿਰ ਨਾਅਰਿਆਂ ਤੋਂ ਬਾਅਦ ਇਹ ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਗਾਲ੍ਹਾਂ ਕੱਢਣਗੇ ਤੇ ਉਹ ਇਨ੍ਹਾਂ ਦੀਆਂ ਧੀਆਂ-ਭੈਣਾਂ ਨੂੰ। ਇਹ ਕਿਹੜੀ ਰਸਮ ਹੈ ਝੰਡਾ ਉਤਾਰਨ ਦੀ? ਰੱਬ ਖੈਰ ਕਰੇ, ਅਸੀਂ ਵਿਦਿਆਰਥੀਆਂ ਨੂੰ ਕੁਝ ਚੰਗਾ ਸਿਖਾਉਣ ਲਈ ਲਿਆਏ ਸਾਂ ਪਰ ਇਹ ਸਾਡੇ ਬੱਚਿਆਂ ਨੂੰ ਅੱਜ ਕੀ ਸਿਖਾਉਣਗੇ? ਖੈਰ, ਰਸਮ ਆਰੰਭ ਹੋਈ। ਕੁਝ ਸੁਣਾਈ ਨਾ ਦੇਵੇ, ਕੁਝ ਵਿਖਾਈ ਨਾ ਦੇਵੇ। ਸਾਡੇ ਮੁਲਕ ਦੀ ਲਿਆਕਤ ਦੀ ਬਹੁਤ ਭੱਦੀ ਤਸਵੀਰ ਨਸ਼ਰ ਹੋ ਰਹੀ ਸੀ। ਲੋਕ ਆਪਣੀਆਂ-ਆਪਣੀਆਂ ਥਾਵਾਂ 'ਤੇ ਖੜ੍ਹੋ ਗਏ ਸਨ। ਨਾਅਰੇ ਲੱਗ ਰਹੇ ਸਨ। ਜ਼ਿੰਦਾਬਾਦ-ਮੁਰਦਾਬਾਦ ਹੋ ਰਹੀ ਸੀ। ਮੈਂ ਨਾਅਰੇ ਲਾਉਣ ਵਾਲਿਆਂ ਨੂੰ ਧਿਆਨ ਨਾਲ ਵੇਖਿਆ। ਇਹ, ਉਹ ਸਾਰੇ ਲੋਕ ਸਨ ਜਿਨ੍ਹਾਂ ਦੇ ਘਰਾਂ ਦਾ ਕੋਈ ਫੌਜ ਵਿਚ ਨੌਕਰੀ ਕਰਨ ਨਹੀਂ ਗਿਆ ਸੀ। ਇਹ ਉਹ ਲੋਕ ਸਨ ਜਿਨ੍ਹਾਂ ਦੇ ਘਰਾਂ ਵਿਚ ਬਾਰਡਰ ਤੋਂ ਕੋਈ ਲਾਸ਼ ਨਹੀਂ ਆਈ ਸੀ। ਕਿਸੇ ਦਾ ਜਵਾਨ ਪੁੱਤਰ ਭਾਵੇਂ ਉਹ ਪਾਕਿਸਤਾਨੀ ਮਾਂ ਦਾ ਮਰਿਆ ਹੋਵੇ, ਭਾਵੇਂ ਹਿੰਦੁਸਤਾਨੀ ਮਾਂ ਦਾ। ਕੀ ਫਰਕ ਹੈ? ਸਿਰਫ ਜਵਾਨ ਹੀ ਨਹੀਂ ਮਰਦਾ, ਉਸ ਦੇ ਬੱਚੇ ਮਰਦੇ ਹਨ, ਜਿਨ੍ਹਾਂ ਦੇ ਸਿਰ ਤੋਂ ਪਿਤਾ ਉਠ ਜਾਂਦਾ ਹੈ, ਉਸ ਦੇ ਮਾਂ-ਪਿਓ ਮਰਦੇ ਹਨ ਜਿਹੜੇ ਰੋ-ਰੋ ਕੇ ਅੰਨ੍ਹੇ ਹੋ ਜਾਂਦੇ ਹਨ, ਉਸ ਦੀ ਪਤਨੀ ਮਰਦੀ ਹੈ ਜਿਹੜੀ ਕਿ ਸਾਰੀ ਉਮਰ ਜਾਹਲ ਲੋਕਾਂ ਦੀਆਂ ਕਮੀਨੀਆਂ ਨਜ਼ਰਾਂ ਸਹਿੰਦੀ ਹੈ। ਲੋਕ ਸਮਝਦੇ ਹਨ ਕਿ ਹੁਣ ਇਹ ਸਭ ਦੀ ਬਣ ਗਈ ਹੈ, ਇਸ ਨੂੰ ਕੋਈ ਕੁਝ ਵੀ ਕਹਿ ਸਕਦਾ ਹੈ। ਅਸੀਂ ਬੱਚਿਆਂ ਨਾਲ ਕੋਈ ਦਸ ਦੇ ਕਰੀਬ ਅਧਿਆਪਕ ਸਾਂ। ਬੱਚੇ ਸਾਡੇ ਮੂੰਹਾਂ ਵੱਲ ਵੇਖ ਰਹੇ ਸਨ। ਉਧਰ ਪਾਕਿਸਤਾਨ ਵਾਲੇ, ਜਿਹੜੇ ਪਹਿਲਾਂ ਤਾਂ ਬਹੁਤ ਸਲੀਕੇ ਨਾਲ ਬੈਠੇ ਸਨ, ਰਹਿ ਨਾ ਸਕੇ, ਉਹ ਵੀ ਨਾਅਰੇ ਲਾਉਣ ਲੱਗੇ। ਫਿਰ ਫੌਜੀਆਂ ਜ਼ੀਰੋ ਲਾਈਨ 'ਤੇ ਬਣੇ ਗੇਟ ਖੋਲ੍ਹੇ। ਉਨ੍ਹਾਂ ਨੂੰ ਠਾਹ-ਠਾਹ ਕੰਧਾਂ ਨਾਲ ਮਾਰਿਆ। ਬਚਪਨ ਵਿਚ ਮੁਰਗਿਆਂ, ਭੇਡੂਆਂ, ਸਾਨ੍ਹਾਂ ਤੇ ਝੋਟਿਆਂ ਦੇ ਭੇੜ ਵੇਖੇ ਸਨ। ਇਹੋ ਜਿਹੀ ਤਸਵੀਰ ਮਨ ਵਿਚ ਬਣ ਰਹੀ ਸੀ। ਦੋਨਾਂ ਮੁਲਕਾਂ ਦੇ ਜਵਾਨ ਜ਼ੋਰ-ਜ਼ੋਰ ਨਾਲ ਪੈਰ ਜ਼ਮੀਨ 'ਤੇ ਮਾਰ ਕੇ ਇਕ ਦੂਜੇ ਸਾਹਮਣੇ ਛਾਤੀਆਂ ਫੁਲਾ ਕੇ ਖੜ੍ਹਦੇ। ਇਹ ਕੀ ਦਿਖਾ ਰਹੇ ਸਨ ਲੋਕਾਂ ਨੂੰ? ਅਸੀਂ ਤੇ ਸਾਡੇ ਬੱਚੇ ਕੀ ਸਿੱਖ ਰਹੇ ਸਾਂ ਇਨ੍ਹਾਂ ਤੋਂ?
    ਰਸਮ ਆਖਰੀ ਪੜਾਅ 'ਤੇ ਪਹੁੰਚੀ। ਲੋਕ ਬੀ.ਐਸ.ਐਫ. ਜਵਾਨਾਂ ਤੋਂ ਵਾਰੇ-ਵਾਰੇ ਜਾ ਰਹੇ ਸਨ। ਪਤਾ ਨਹੀਂ ਉਨ੍ਹਾਂ ਨੇ ਕਿੱਡਾ ਵੱਡਾ ਕਾਰਨਾਮਾ ਕਰ ਵਿਖਾਇਆ ਸੀ। ਕੁਝ ਲੋਕ ਉਨ੍ਹਾਂ ਨਾਲ ਖੜ੍ਹੇ ਹੋ-ਹੋ ਕੇ ਫੋਟੋਆਂ ਖਿਚਵਾ ਰਹੇ ਸਨ।
    ਲੋਕ ਹੁਣ ਜ਼ੀਰੋ ਥਾਂ 'ਤੇ ਹਿੰਦੁਸਤਾਨ ਦੇ ਗੇਟ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ, ਲੱਗੇ ਪਾਕਿਸਤਾਨ ਨੂੰ ਕੰਜਰੀ, ਲੁੱਚੀ ਕਰਨ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪਿੰਡਾਂ ਵਿਚ ਅਨਪੜ੍ਹ ਔਰਤਾਂ ਬਾਹਵਾਂ ਕੱਢ ਲੜਦੀਆਂ ਹਨ। ਪਾਕਿਸਤਾਨ ਵਾਲੇ ਵੀ ਕਿਥੋਂ ਪਿੱਛੇ ਰਹਿੰਦੇ, ਇਕ ਦੀਆਂ ਚਾਰ ਚਾਰ ਸੁਣਾ ਰਹੇ ਸਨ। ਦੋਨਾਂ ਪਾਸੇ ਕਲਯੁਗ ਵਰਤ ਰਿਹਾ ਸੀ। ਸਾਡੇ ਵਿਦਿਆਰਥੀ ਦੂਰ ਖੜ੍ਹੇ ਸਨ ਪ੍ਰੰਤੂ ਬਹੁਤ ਹੀ ਖਾਹਿਸ਼ਮੰਦ ਸਨ ਕਿ ਇਹ ਤਮਾਸ਼ਾ ਜ਼ੀਰੋ ਗੇਟ ਕੋਲ ਜਾ ਕੇ ਉਨ੍ਹਾਂ ਨੂੰ ਵੀ ਵੇਖਣ ਨੂੰ ਮਿਲੇ। ਪ੍ਰੰਤੂ ਕੀ ਵਿਖਾਉਣ ਲਈ ਲੈ ਕੇ ਜਾਂਦੇ ਉਨ੍ਹਾਂ ਨੂੰ ਉਥੇ? ਬੋਝਲ ਗਰਦਨਾਂ ਨੂੰ ਆਪਣੇ ਮੋਢਿਆਂ 'ਤੇ ਸੁੱਟ, ਬੇਜਾਨ ਹੋਈਆਂ ਲੱਤਾਂ ਨੂੰ ਖਿੱਚਦੇ ਹੋਏ ਬੜੀ ਮੁਸ਼ਕਲ ਨਾਲ ਆਪਣੀਆਂ ਬੱਸਾਂ ਤਕ ਪਹੁੰਚੇ। ਮਨ ਬਹੁਤ ਖਰਾਬ ਸੀ। ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਨਾ ਰੋਟੀ ਦੀ ਭੁੱਖ। ਨਾ ਪਾਣੀ ਦੀ ਪਿਆਸ। ਸੋਚ ਰਹੇ ਸਾਂ ਕਿ ਇਹ ਹੈ ਸਾਡੇ ਹਿੰਦੁਸਤਾਨ ਦੀ ਪਰੰਪਰਾ, ਸਾਡੀ ਸਭਿਅਤਾ?
    ਸੋਮਵਾਰ ਨੂੰ ਵਿਦਿਆਰਥੀ ਸਕੂਲ ਆਏ। ਬੱਚੇ ਆਪਣੇ ਸਹਿਪਾਠੀਆਂ ਨਾਲ ਅੰਮ੍ਰਿਤਸਰ ਦੀਆਂ ਗੱਲਾਂ ਕਰ ਰਹੇ ਸਨ। ਬਹੁਤ ਖੁਸ਼ ਸਨ। ਪ੍ਰੰਤੂ ਉਹ ਵਾਹਗਾ ਬਾਰਡਰ ਬਾਰੇ ਕਿਸੇ ਨੂੰ ਕੁਝ ਨਹੀਂ ਦੱਸ ਰਹੇ ਸਨ।
    ਮੇਰਾ ਵਾਸਤਾ ਹੈ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ, ਬੁੱਧੀਜੀਵੀਆਂ ਨੂੰ ਤੇ ਦੋਨਾਂ ਦੇਸ਼ਾਂ ਦੇ ਲੇਖਕਾਂ ਨੂੰ, ਭਲੇ ਪੁਰਸ਼ੋ! ਇਨਸਾਨੀਅਤ 'ਤੇ ਤਰਸ ਕਰੋ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਇਨ੍ਹਾਂ ਦੋਵਾਂ ਮੁਲਕਾਂ ਦੇ ਵਸਨੀਕ, ਇਕੋ ਮਾਂ ਦੇ ਜਾਏ, ਇਨ੍ਹਾਂ 'ਚ ਕੁੜੱਤਣ ਨਾ ਭਰੋ।

    ਬੈਕ ਰੂਮ -ਪੰਜਾਬੀ ਕਹਾਣੀ

    ਬੈਕ ਰੂਮ ਡਾ. ਸਾਥੀ ਲੁਧਿਆਣਵੀ

    ਜਦੋਂ ਤੋਂ ਤਿੰਨ ਪੰਜਾਬੀ ਮੁੰਡੇ ਜਿਹੜੇ ਕਿ ਇਸ ਦੇਸ ਵਿਚ ਇੱਲੀਗਲ ਇੱਮੀਗਰਾਂਟਸ ਸਨ, ਉਨ੍ਹਾਂ ਦੇ ਗਾਰਡਨ ਵਿਚ ਬਣੇ ਹੋਏ ਪਿਛਲੇ ਰੂਮ ਵਿਚ ਕਿਰਾਏਦਾਰਾਂ ਵਜੋਂ ਰਹਿਣ ਲੱਗੇ ਸਨ, ਘਰ ਵਿਚ ਇਕ ਅਜਬ ਕਿਸਮ ਦੀ ਚਹਿਲ ਪਹਿਲ ਤੇ ਰੌਣਕ ਲੱਗ ਗਈ ਸੀ। ਹਾਲਾਂਕਿ ਇਨ੍ਹਾਂ ਮੁੰਡਿਆਂ ਦਾ ਘਰ ਦੇ ਮੇਨ ਏਰੀਏ  ਵਿਚ ਆਉਣ ਦਾ ਕੋਈ ਕੰਮ ਨਹੀਂ ਸੀ ਕਿਉਂਕਿ ਬੈਕ ਗਾਰਡਨ (ਅਮਰੀਕਾ ਅਤੇ ਕੈਨੇਡਾ ਵਿਚ ਘਰ ਦੇ ਬੈਕ ਗਾਟਡਨ ਨੂੰ ਬੈਕ ਯਾਰਡ  ਕਿਹਾ ਜਾਂਦਾ ਹੈ) ਨੂੰ ਜਾਣ ਵਾਸਤੇ ਇਕ ਵੱਖ਼ਰਾ ਗੇਟ ਤੇ ਵੱਖ਼ਰੀ ਐਲੀ  ਸੀ। ਘਰ ਦੇ ਮਾਲਕ ਅਖ਼ਤਿਆਰ ਸਿੰਘ ਨੂੰ ਇਸ ਗੱਲ ਦਾ ਫ਼ਿਕਰ ਜ਼ਰੂਰ ਸੀ ਕਿ ਪਿਛਲੇ ਰੂਮ  ਵਿਚ ਸ਼ਾਵਰ  ਦੀਆਂ ਸੰਵਿਧਾਵਾਂ ਨਾ ਹੋਣ ਕਾਰਨ ਕਦੇ ਕਦੇ ਇਨ੍ਹਾਂ ਮੁੰਡਿਆਂ ਨੂੰ ਮੇਨ ਘਰ ਵਿਚ ਆਉਣਾ ਪੈਂਦਾ ਸੀ ਪਰ ਇਸ ਗੱਲ ਵਾਸਤੇ ਉਸ ਨੇ ਇਨ੍ਹਾਂ ਨੂੰ ਹਦਾਇਤ ਦੇ ਰੱਖ਼ੀ ਸੀ ਕਿ ਉਹ ਉਦੋਂ ਹੀ ਸ਼ਾਵਰ ਲੈਣ ਲਈ ਆਉਣ ਜਦੋਂ ਉਹ ਖ਼ੁਦ ਘਰ ਵਿਚ ਹਾਜ਼ਰ ਹੋਵੇ। ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਗ਼ੈਰਹਾਜ਼ਰੀ ਵਿਚ ਉਸ ਦੀ ਜਵਾਨ ਬੀਵੀ ਨਾਲ਼ ਕੋਈ ਓਪਰਾ ਬੰਦਾ ਕਿਸੇ ਕਿਸਮ ਦੀ ਵੀ ਵਾਰਤਾਲਾਪ ਕਰੇ।ਅਖ਼ਤਿਆਰ ਸਿੰਘ ਤੋਂ ਉੱਲਟ ਉਸ ਦੀ ਬੀਵੀ ਪਾਲਾਂ ਬੇਹੱਦ ਖ਼ੁਸ਼ ਸੀ। ਸ਼ੱਕੀ ਸੁਭਾਅ ਦਾ ਹੋਣ ਕਾਰਨ ਉਹ ਪਾਲਾਂ ਨੂੰ ਸਾਂਭ ਸਾਂਭ ਰੱਖ਼ਦਾ ਸੀ। ਇਥੋਂ ਤੀਕ ਕਿ ਉਸ ਨੇ ਉਸ ਨੂੰ ਇਸ ਦੇਸ ਵਿਚ ਕੰਮ ਵੀ ਨਹੀਂ ਸੀ ਕਰਨ ਦਿੱਤਾ। ਪਾਲਾਂ ਸੋਚਦੀ ਕਿ ਜੇਕਰ ਕਿਧਰੇ ਉਹ ਕੰਮ ਕਰਦੀ ਹੁੰਦੀ ਤਾਂ ਕਮ ਸ ਕਮ ਕਿਸੇ ਨਾਲ਼ ਗੱਲ ਬਾਤ ਹੀ ਕਰ ਸਕਦੀ। ਉਂਝ ਵੀ ਉਨ੍ਹਾਂ ਦੀ ਮਾਇਕ ਹਾਲਤ ਏਨੀਂ ਚੰਗੀ ਨਹੀਂ ਸੀ ਕਿ ਇੱਕੋ ਬੰਦੇ ਦੇ ਕੰਮ ਕਰਨ ਨਾਲ਼ ਚੰਗਾ ਗ਼ੁਜ਼ਾਰਾ ਹੋ ਸਕਦਾ। ਇਸੇ ਲਈ ਤਾਂ ਅਖ਼ਤਿਆਰ ਸਿੰਘ ਓਵਟਾਈਮ ਨਹੀਂ ਸੀ ਛੱਡਦਾ। ਪਰਓਵਰਟਾਈਮ ਲਾਉਣ ਦੀ ਵਜਾਹ ਇਕ ਹੋਰ ਵੀ ਸੀ। ਉਹ ਇਹ ਸੀ ਕਿ ਦਰਅਸਲ ਪਾਲਾਂ ਅਖ਼ਤਿਆਰ ਸਿੰਘ ਦੀ ਦੂਜੀ ਬੀਵੀ ਸੀ। ਪਹਿਲੀਂ ਤੀਵੀਂ ਨਾਲ਼ੋਂ ਉਸ ਦਾ ਤਲਾਕ ਹੋ ਗਿਆ ਸੀ। ਕਹਿੰਦੇ ਨੇ ਕਿ ਉਸ ਦੇ ਕਿਸੇ ਹੋਰ ਬੰਦੇ ਨਾਲ਼ ਕੰਮ ਦੀ ਥਾਂ ਉੱਤੇ ਸਰੀਰਕ ਸੰਬੰਧ ਹੋ ਗਏ ਸਨ। ਦੋ ਬੱਚੇ ਵੀ ਸਨ। ਵੀਕ ਦੇ ਪੰਜਾਹ ਪੌਂਡ ਤਾਂ ਉਨ੍ਹਾਂ ਦੇ ਹੀ ਕੱਟੇ ਜਾਂਦੇ ਸਨ ਕਿਉਂਕਿ ਇਹ ਕੋਰਟ ਦਾ ਆਰਡਰ ਸੀ ਕਿ ਇਨ੍ਹਾਂ ਬੱਚਿਆਂ ਦਾ ਖ਼ਰਚਾ ਵੀ ਅਖ਼ਤਿਆਰ ਸਿੰਘ ਹੀ ਦੇਵੇ। ਖ਼ੈਰ ਤਲਾਕ ਪਿੱਛੋਂ ਅਖ਼ਤਿਆਰ ਸਿੰਘ ਇੰਡੀਆ  ਗਿਆ ਤੇ ੳਮਰੋਂ ਅੱਧੀ ਤੇ ਪੜ੍ਹੀ ਲਿਖ਼ੀ ਪਾਲ਼ਾਂ ਨੂੰ ਵਿਆਹ ਲਿਆਇਆ। ਦਸ ਕੁ ਸਾਲ ਪਹਿਲਾਂ ਇੰਗਲੈਂਡ ਵਿਚ ਆਈ ਪਾਲਾਂ ਦੇ ਉਪਰੋਥਲ਼ੀ ਦੋ ਬੱਚੇ ਪੈਦਾ ਹੋ ਗਏ। ਇਕ ਮੁੰਡਾ ਤੇ ਇਕ ਕੁੜੀ।
    ਜਦੋਂ ਤੋਂ ਬਾਹਰਲੇ, ਪਰ ਖ਼ਾਸ ਕਰਕੇ ਏਸ਼ੀਅਨ ਅਤੇ ਈਸਟਰਨ ਯੌਰਪੀਅਨ ਦੇਸਾਂ ਤੋਂ ਇਸ ਦੇਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕੀਂ ਆਉਣੇ ਸ਼ੁਰੂ ਹੋਏ ਸਨ, ਲੰਡਨ ਵਿਚ ਰਿਹਾਇਸ਼ੀ ਮਕਾਨਾਂ ਅਤੇ ਕਮਰਿਆ ਦੀ ਗਿਣਤੀ ਘਟ ਗਈ ਸੀ। ਜਿਨਾ੍ਹਂ ਕੋਲ਼ ਵਾਧੂ ਰਿਹਾਇਸ਼ੀ ਕਮਰੇ ਸਨ ਉਨ੍ਹਾਂ ਦੀ ਚਾਂਦੀ ਬਨਣ ਲੱਗ ਪਈ ਸੀ। ਲੋਕਲ ਕੌਂਸਲਾਂ ਦੇ ਪਲੈਨਿੰਗ ਵਿਭਾਗ ਕੋਲ਼ ਧੜਾ ਧੜ ਘਰਾਂ ਦੀ ਐਕਸਟੈਨਸ਼ਨ ਕਰਨ ਦੀਆਂ ਅਰਜ਼ੀਆਂ ਆ ਰਹੀਆਂ ਸਨ। ਬਹੁਤੀਆਂ ਅਰਜ਼ੀਆਂ ਬੈਕ ਗਾਰਡਨ ਵਿਚ ਕਮਰਾ ਬਣਾਉਣ ਦੀਆਂ ਸਨ। ਇਸ ਕਮਰੇ ਨੂੰ ਪਲੇਅ ਰੂਮ ਕਿਹਾ ਜਾਂਦਾ ਹੈ ਤੇ ਇਸ ਵਿਚ ਕਿਸੇ ਨੂੰ ਵੀ ਰਹਿਣ ਦੀ ਆਗਿਆ ਨਹੀਂ ਜੇ ਹੁੰਦੀ। ਪਰ ਇੰਡੀਅਨ ਤੇ ਪਾਕਿਸਤਾਨੀ ਇਨ੍ਹਾਂ ਸ਼ਰਤਾਂ ਨੂੰ ਕੀ ਸਮਝਦੇ ਹਨ? ਕਹਿ ਦਿੰਦੇ ਨੇ ਕਿ ਜਦੋਂ ਫ਼ੜੇ ਜਾਵਾਂਗੇ ਤਾਂ ਦੇਖ਼ੀ ਜਾਵੇਗੀ। ਜ਼ਾਹਰਾ ਤੌਰ ਤੇ ਇਹੋ ਜਿਹੀਆਂ ਐਪਲੀਕੇਸ਼ਨਾਂ ਦੇਣ ਵਾਲ਼ਿਆਂ ਵਿਚ ਵਧੇਰੇ ਗਿਣਤੀ ਇੰਡੀਅਨ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਹੀ ਸੀ। ਇੱਲੀਗਲ ਤੌਰ ਤੇ ਆਉਂਦੇ ਲੋਕਾਂ ਵਿਚ ਵਧੇਰੇ ਗਿਣਤੀ ਪੰਜਾਬੀ ਨੌਜਵਾਨਾ ਦੀ ਸੀ। ਪਿਛਲਿਆਂ ਕਮਰਿਆਂ ਨੂੰ ਰਿਹਾਇਸ਼ੀ ਬਨਾਉਣ ਲਈ ਕਈਆਂ ਘਰਾਂ ਵਾਲ਼ਿਆਂ ਨੇ ਟੌਇਲਟਕਿਚਨ ਅਤੇ ਸ਼ਾਵਰ ਯੁਨਿਟ  ਵੀ ਲਗਵਾ ਲਏ ਸਨ। ਉਹ ਇਹ ਉਦੋਂ ਲਗਵਾਉਂਦੇ ਜਦੋਂ ਕੌਂਸਲ ਦੇ ਪਲੈਨਿੰਗ ਅਫ਼ਸਰ ਬਿਲਡਿੰਗ ਕੰਪਲੀਸ਼ਨ ਦਾ ਸਰਟੀਫ਼ੀਕੇਟ ਦੇ ਕੇ ਚਲੇ ਜਾਂਦੇ। ਲੋਕਾਂ ਨੂੰ ਇਹ ਸਲਾਹਾਂ ਆਮ ਤੌਰ ਤੇ ਆਪਣੇ ਹੀ ਲੋਕੀਂ ਇਕ ਦੂਸਰੇ ਨੂੰ ਦਿੰਦੇ ਤੇ ਇੰਝ ਕਨੂੰਨ ਦੀਆਂ ਧੱਜੀਆਂ ਉੱਡਾਉਂਦੇ।
    ਕਿਉਂਕਿ ਪਾਲਾਂ ਹੁਰਾਂ ਦਾ ਗਾਰਡਨ ਏਨਾ ਚੌੜਾ ਨਹੀਂ ਸੀ, ਇਸ ਲਈ ਉਹ ਇਸ ਬੈਕ ਰੂਮ ਵਿਚ ਸ਼ਾਵਰ ਯੁਨਿਟ ਨਹੀਂ ਸਨ ਫ਼ਿੱਟ ਕਰਵਾ ਸਕੇ। ਇਸੇ ਲਈ ਤਾਂ ਇਨ੍ਹਾਂ ਤਿੰਨਾਂ ਹੀ ਮੁੰਡਿਆਂ ਨੂੰ ਸ਼ਾਵਰ ਲੈਣ ਲਈ ਮੇਨ ਘਰ ਵਿਚ ਆਉਣਾ ਪੈਂਦਾ ਸੀ। ਅਖ਼ਤਿਆਰ ਸਿੰਘ ਨੂੰ ਕਿਰਾਏ ਦੇ ਇਕ ਸੌ ਵੀਹ ਪੌਂਡ ਪ੍ਰਤੀ ਵੀਕ ਦੇ ਆਉਂਦੇ ਨਸ਼ਾ ਚਾੜ੍ਹੀ ਰੱਖ਼ਦੇ ਤੇ ਉਹ ਹੋਰ ਗੱਲਾਂ ਨੂੰ ਵਿਸਾਰ ਛੱਡਦਾ। ਮਾਇਆ ਦਾ ਜਾਦੂ ਹੀ ਕੁਝ ਐਸਾ ਹੁੰਦਾ ਹੈ।
    ਪਿਛਲੇ ਰੂਮ ਵਿਚ ਰਹਿੰਦੇ ਤਿੰਨੋਂ ਨੌਜਵਾਨ ਬੜੀ ਰੰਗੀਨ ਤਬੀਅਤ ਦੇ ਸਨ। ਭਾਵੇਂ ਉਨ੍ਹਾਂ ਸਿਰ ਕਰਜ਼ੇ ਚੜ੍ਹੇ ਹੋਏ ਸਨ। ਸ਼ਾਇਦ ਜ਼ਮੀਨਾਂ ਵੀ ਗਹਿਣੇ ਰੱਖ਼ ਕੇ ਆਏ ਸਨ। ਏਥੇ ਵੀ ਉਨ੍ਹਾਂ ਨੂੰ ਕਦੇ ਕੰਮ ਮਿਲਦਾ ਸੀ ਤੇ ਕਦੇ ਨਹੀਂ ਸੀ ਮਿਲਦਾ ਤੇ ਇਕ ਕਿਸਮ ਦਾ ਮਸੀਂ ਗੁਜ਼ਾਰਾ ਹੀ ਕਰਦੇ ਸਨ ਪਰ ਉਹ ਹਮੇਸ਼ਾ ਹੱਸਦੇ ਖ਼ੇਡਦੇ ਹੀ ਲਗਦੇ। ਕੰਮੋਂ ਆਕੇ ਰੱਲ ਮਿਲ਼ ਕੇ ਸਬਜ਼ੀਆਂ ਤੇ ਮੀਟ ਬਣਾਉਂਦੇ। ਗਾਣੇ ਸੁਣਦੇ ਤੇ ਨਸ਼ੇ ਦੀ ਲੋਰ ਵਿਚ ਕਦੇ ਕਦੇ ਗਾਣਿਆ ਦੇ ਨਾਲ਼ ਨਾਲ਼ ਗਾਉਂਦੇ ਵੀ ਤੇ ਭੰਗੜੇ ਵੀ ਪਾਉਂਦੇ। ਵੀਕ ਐਂਡ ਉੱਤੇ ਵਧੀਆ ਕੱਪੜੇ ਪਾ ਕੇ ਤੇ ਸ਼ੌਕੀਨ ਬਣ ਕੇ ਫ਼ਿਲਮਾਂ ਵੇਖ਼ਣ ਜਾਂਦੇ। ਉਨ੍ਹਾਂ ਨੂੰ ਹੱਸਦਿਆਂ ਖ਼ੇਡਦਿਆਂ ਦੇਖ਼ ਕੇ ਪਾਲ਼ਾਂ ਦਾ ਦਿਲ ਮਚਲਦਾ ਤੇ ਉਹਦਾ ਜੀਅ ਕਰਦਾ ਕਿ ਉਹ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਵਿਚ ਸ਼ਾਮਲ ਹੋ ਜਾਵੇ ਪਰ ਉਹ ਇੰਝ ਨਾ ਕਰ ਸਕਦੀ। ਪਰ ਫ਼ਿਰ ਵੀ ਉਹ ਬੱਚਿਆਂ ਕੋਲ਼ ਕਦੇ ਕਦੇ ਸਬਜ਼ੀ ਜਾਂ ਮੀਟ ਦੀਆਂ ਕੌਲੀਆਂ ਭੇਜ ਦਿੰਦੀ। ਜਿਸ ਦਿਨ ਸਾਗ਼ ਬਣਾਇਆ ਹੋਇਆ ਹੁੰਦਾ ਤਾਂ ਮੱਕੀ ਦੀਆਂ ਰੋਟੀਆਂ ਵੀ ਸਪੈਸ਼ਲ ਤੌਰ ਤੇ ਭੇਜਦੀ।
    ਪਿੱਛਲੇ ਰੂਮ ਵਿਚ ਰਹਿੰਦੇ ਸੱਤੀ, ਪਾਲੀ ਅਤੇ ਕੁਮਾਰ ਸਵੇਰੇ ਹੀ ਘਰੋਂ ਚਲੇ ਜਾਂਦੇ। ਉਹ ਸ਼ਹਿਰ ਦੇ ਇਕ ਕਾਰ ਪਾਰਕ ਵਿਚ ਹੋਰਨਾਂ ਇੱਲੀਗਲ ਇੱਮੀਗਰਾਂਟਸ ਨਾਲ਼ ਜਾ ਰਲ਼ਦੇ। ਉਹ ਸੋਚਦੇ ਕਿ ਇੰਡੀਆ ਵਿਚ ਇੰਝ ਭਈਏ ਦਿਹਾੜੀ ਲਾਉਣ ਲਈ ਖ਼ੜੋਇਆ ਕਰਦੇ ਸਨ। ਉਨ੍ਹਾਂ ਵਰਗੀ ਹੀ ਇਨ੍ਹਾਂ ਦੀ ਵੀ ਤਾਂ ਤ੍ਰਾਸਦੀ ਸੀ ਨਾ? ਇਨ੍ਹਾਂ ਵਿਚੋਂ ਇਕ ਨੂੰ, ਦੋ ਨੰਦ ਜਾਂ ਸਾਰਿਆਂ ਨੂੰ ਅਗ਼ਰ ਕੋਈ ਘਰ ਦੇ ਗਾਰਡਨ ਦੀ ਸਫ਼ਾਈ ਆਦਿ ਲਈ ਲੈ ਜਾਂਦਾ ਜਾਂ ਕੋਈ ਇੰਡੀਅਨ ਬਿਲਡਰ ਆਪਣੇ ਨਾਲ਼ ਲੈ ਜਾਂਦਾ ਤਾਂ ਬੱਲੇ ਬੱਲੇ। ਵਰਨਾ ਵਿਹਲੇ ਬੰਦੇ ਗਲ਼ੀਆਂ ਬਜ਼ਾਰਾਂ ਵਿਚ ਘੁੰਮਦੇ ਰਹਿੰਦੇ, ਵਿੰਡੋ ਸ਼ੌਪਿੰਗ ਕਰਦੇ ਰਹਿੰਦੇ ਅਤੇ ਗੋਰੀਆਂ, ਭੂਰੀਆਂ ਤੇ ਕਾਲ਼ੀਆਂ ਤੀਵੀਆਂ ਨੂੰ ਘੁਰਦੇ ਰਹਿੰਦੇ। ਇਨ੍ਹਾਂ ਤਿੰਨਾਂ ਚੋ ਕੋਈ ਅਗਰ ਆਵਾਰਾਗਰਦੀ ਨਾ ਕਰਨਾ ਚਾਹੁੰਦਾ ਤਾਂ ਉਹ ਘਰ ਆ ਕੇ ਜਾਂ ਤਾਂ ਸੌਂ ਜਾਂਦਾ ਜਾਂ ਟੇਪ ਲਗਾਕੇ ਗਾਣੇ ਸੁਣਦਾ ਰਹਿੰਦਾ। ਵੈਸੇ ਜਿਸਮ ਦੇ ਤਕੜੇ ਹੋਣ ਕਾਰਨ ਉਹ ਅਕਸਰ ਹੀ ਕੰਮੀ ਲੱਗੇ ਰਹਿੰਦੇ। ਬੇਸ਼ੱਕ ਉਨ੍ਹਾਂ ਨੂੰ ਕਨੂੰਨਨ ਮਿਨੀਮੰਮ ਵੇਜ ਨਹੀਂ ਸੀ ਦਿੱਤੀ ਜਾਂਦੀ। ਕੰਮ ਦੇਣ ਵਾਲਾ ਕਹਿੰਦਾ ਕਿ ਉਨ੍ਹਾਂ ਨੇ ਕਿਹੜਾ ਕੋਈ ਟੈਕਸ ਦੇਣਾ ਹੁੰਦਾ ਹੈ।
    ਇਨ੍ਹਾਂ ਤਿੰਨਾਂ ਵਿਚੋਂ ਸੱਤੀ ਹੀ ਵੱਖ਼ਰਾ ਸੀ। ਕੰਮ ਤੋਂ ਅਗ਼ਰ ਬਹੁਤੀ ਕੁਤਾਹੀ ਕਰਦਾ ਤਾਂ ਇਹ ਸੱਤੀ ਹੀ ਹੁੰਦਾ। ਉਹ ਭਾਰਾ ਕੰਮ ਕਰਨ ਤੋਂ ਕਤਰਾਉਂਦਾ ਸੀ। ਉਸ ਨੂੰ ਬਿਲਡਿੰਗ ਵਰਕ ਚੰਗਾ ਨਹੀਂ ਸੀ ਲੱਗਦਾ। ਵੈਸੇ ਤਾਂ ਅਕਸਰ ਹੀ ਇਹ ਨੌਜਵਾਨ ਪੰਜਾਬ ਦੇ ਖ਼ਾਂਦੇ ਪੀਂਦੇ ਘਰਾਂ ਚੋਂ ਹੀ ਆਏ ਹੁੰਦੇ ਹਨ ਵਰਨਾਂ ਗਰੀਬਾਂ ਦੇ ਮੁੰਡਿਆਂ ਕੋਲ਼ ਤਾਂ ਸ਼ਹਿਰ ਜਾਣ ਲਈ ਵੀ ਕਿਰਾਇਆ ਨਹੀਂ ਹੁੰਦਾ ਤੇ ਲੰਡਨ ਜੋਗਾ ਕਿੱਥੋਂ ਹੋ ਜਾਵੇਗਾ?
    ਪਰ ਸੱਤੀ ਤਾਂ ਮਾਪਿਆਂ ਦਾ ਡਾਢਾ ਹੀ ਲਾਡਲਾ ਪੁੱਤ ਜਾਪਦਾ ਸੀ। ਇੱਕ ਦਿਨ ਸ਼ਾਵਰ ਲੈਣ ਆਇਆ ਤਾਂ ਪਾਲਾਂ ਇਕੱਲੀ ਸੀ। ਇਸ ਲਈ ਗੱਲੀਂ ਲੱਗ ਗਿਆ। ਦਸਦਾ ਸੀ ਕਿ ਉਹ ਮਾਪਿਆਂ ਦਾ ਕੱਲਾ ਕਾਰਾ ਪੁੱਤ ਸੀ। ਜ਼ਮੀਨ ਬਥੇਰੀ ਸੀ। ਆਮਦਨ ਵੀ ਠੀਕ ਠਾਕ ਹੀ ਸੀ ਪਰ ਇਸ ਚੰਦਰੀ ਵਲੈਤ ਦੀ ਚਾਹ ਨੇ ਸਾਹ ਨਹੀਂ ਲੈਣ ਦਿੱਤਾ। ਦੋ ਵਧੀਆ ਖ਼ੇਤ ਗਿਰਵੀ ਰੱਖ਼ ਕੇ ਮਾਸਕੋ ਤੇ ਫ਼ਿਰ ਯੂਰਪ ਦੇ ਹੋਰ ਦੇਸਾਂ ਵਿਚੀਂ ਹੁੰਦਾ ਹੋਇਆਂ ਤਕੜੀ ਖ਼ੱਜਲ ਖ਼ੁਆਰੀ ਪਿੱਛੋਂ ਇੰਗਲੈਂਡ ਪੁੱਜਿਆ ਸੀ। ਫ਼ਿਰ ਉਸ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਸੀ,''ਆਂਟੀ ਜੀ, ਕਿਸਮਤ ਦੇ ਖ਼ੇਲ ਦੇਖ਼ ਲਓ। ਉਧਰ ਬਿਹਾਰੀ ਭਈਏ ਰੱਖ਼ੇ ਹੋਏ ਨੇ ਤੇ ਇਧਰ ਅਸੀਂ ਇਥੇ ਭਈਆਂ ਵਾਲ਼ੀ ਜੂਨ ਭੋਗ ਰਹੇ ਹਾਂ ਵਰਨਾ ਆਪਾਂ ਤਾਂ ਕਦੇ ਆਂਟੀ ਜੀ ਘੜੇ ਚੋਂ ਪਾਣੀ ਵੀ ਆਪ ਗਲਾਸ ਭਰ ਕੇ ਨਹੀਂ ਸੀ ਪੀਤਾ। ਚੰਹੁ ਭੈਣਾ ਦਾ 'ਕੱਲਾ ਭਰਾ ਸਾਂ। ਬਹੁਤ ਲੁੱਕ ਆਫ਼ਟਰ ਕਰਦੀਆਂ ਸਨ। ਮਾਂ ਦੀ ਹਦਾਇਤ ਜੁ ਸੀ। ਭਾਪਾ ਜੀ ਵੀ ਕਦੇ ਕਿਸੇ ਗੱਲੋਂ ਮੈਨੂੰ ਤੰਗ ਨਹੀਂ ਸੀ ਰੱਖ਼ਦੇ ਹੁੰਦੇ। ਪਰ ਗਿਲਾ ਮੈਨੂੰ ਭਾਪਾ ਜੀ 'ਤੇ ਵੀ ਹੈ। ਉਨ੍ਹਾਂ ਨੇ ਕਿਓਂ ਮੈਂਨੂੰ ਸਖ਼ਤੀ ਨਾਲ਼ ਟਰੈਵਲ ਏਜੰਟਾਂ ਦੀ ਚੁੰਗਲ਼ ਵਿਚ ਫ਼ਸਣੋਂ ਨਾ ਰੋਕਿਆ? ਹੁਣ ਸਮਝ ਆਉਂਦੀ ਹੈ ਕਿ ਵਾਧੂ ਦਾ ਲਾਡ ਕੰਮਚੋਰ ਤੇ ਨਖ਼ੱਟੂ ਮੁੰਡਿਆਂ ਨੂੰ ਕਿਵੇਂ ਵਗਾੜਦਾ ਹੈ। ਪੜ੍ਹ ਲਿਖ਼ ਲੈਂਦੇ ਤਾਂ ਚੰਗਾ ਹੁੰਦਾ। ਉਥੇ ਹੀ ਕਿਸੇ ਕਾਰੇ ਲੱਗ ਜਾਂਦੇ। ਪਰ ਭਾਪਾ ਜੀ ਵੀ ਕੀ ਕਰਦੇ? ਲਾਡਲਾ ਜੁ ਸਾਂ। ਬਾਹਰ ਜਾਣ ਦੇ ਭੂਤ ਨੂੰ ਠੀਕ ਕਰਨ ਲਈ ਉਨ੍ਹਾਂ ਨੇ ਬਥੇਰੇ ਜੁਗਾੜ ਕੀਤੇ। ਇਹ ਵੀ ਕੋਸ਼ਸ਼ ਕੀਤੀ ਕਿ ਕੈਨੇਡਾ ਵਿਚ ਕੋਈ ਕੁੜੀ ਹੀ ਮਿਲ਼ ਜਾਂਦੀ ਤਾਂ ਜੁ ਮੇਰਾ ਵਿਆਹ ਹੀ ਕਰ ਦਿੰਦੇ ਤੇ ਮੈਂ ਉੱਥੇ ਪੱਕਾ ਹੋ ਜਾਂਦਾ ਪਰ ਆਂਟੀ ਜੀ ਉੱਥੇ ਤਾਂ ਅੱਜਕਲ ਵੱਟੇ ਦੇ ਵਿਆਹ ਹੁੰਦੇ ਨੇ।''
    ਪਾਲਾਂ ਨੂੰ ਉਹਦੀ ਭਈਆਂ ਵਾਲ਼ੀ ਗੱਲ ਤੇ ਹੋਰ ਗੱਲਾਂ ਤਾਂ ਸੁਣੀਆਂ ਹੀ ਨਾ। ਉਸ ਨੂੰ ਤਾਂ ਉਸ ਦਾ 'ਆਂਟੀ ਜੀ' ਕਹਿਕੇ ਮੁਖ਼ਾਤਵ ਹੋਣਾ ਹੀ ਮਾਰ ਗਿਆ ਸੀ। ਉਸ ਨੇ ਪੱਕੀ ਧਾਰ ਲਈ ਕਿ ਜੇਕਰ ਉਸ ਨੇ ਨੈਕਸਟ ਟਾਈਮ ਉਸ ਨੂੰ ਆਂਟੀ ਕਿਹਾ ਤਾਂ ਠੋਕਵਾਂ ਜਵਾਬ ਦੇਵੇਗੀ ਕਿ ਮਰ ਜਾਣਿਆਂ ਮੈਂ ਕਿਵੇਂ ਆਂਟੀ ਵਰਗੀ ਲੱਗਦੀ ਆਂ? ਆਟੀ ਤਾਂ ਢੱਲ਼ਦੀ ਉਮਰ ਦੀ ਜਾਂ ਬੁਢੀ ਤੀਵੀਂ ਨੂੰ ਕਹਿੰਦੇ ਹੁੰਦੇ ਨੇ ਤੇਰੇ ਵਰਗੇ ਜਵਾਨ ਮੁੰਡੇ। ਮੈਂ ਤਾਂ ਹਾਂ ਹੀ ਲਗਭਗ ਤੇਰੀ ਉਮਰ ਦੀ ਹੀ। ਪਰ ਉਹ ਕਿੰਨਾ ਚਿਰ ਉਸ ਨੂੰ ਇਹ ਗ੿ਲ ਕਹਿ ਨਾ ਸਕੀ।
    ਇਕ ਦਿਨ ਫ਼ੇਰ ਉਸ ਨਾਲ਼ ਮੇਲ਼ ਹੋਇਆ ਤਾਂ ਸੱਤੀ ਕਹਿਣ ਲੱਗਾ,''ਆਂਟੀ ਹੁਣ ਤਾਂ ਦਿਲ ਅੱਕ ਗਿਆ। ਜੀਅ ਕਰਦੈ ਵਾਪਸ ਚਲਿਆ ਜਾਵਾਂ। ਪੂਰੇ ਚਾਰ ਸਾਲ ਹੋ ਗਏ ਨੇ ਘਰ ਛੱਡਿਆਂ। ਪਰ ਜਾਈਏ ਕਿੱਦਾਂ? ਪੇਪਰ ਤਾਂ ਮੇਰੇ ਕੋਲ਼ ਹੈ ਨਹੀਂ। ਉਹ ਤਾਂ ਅਸੀਂ ਏਜੰਟਾਂ ਦੇ ਕਹਿਣ ਉੱਤੇ ਹੀ ਪਾੜ ਛੱਡੇ ਸਨ। ਹੁਣ ਤਾਂ ਆਂਟੀ ਜੀ ਪੁਲੀਸ ਤੋਂ ਵੀ ਬੜਾ ਡਰ ਲਗਦਾ। ਸੁਣਿਆਂ ਇਨ੍ਹਾਂ ਨੇ ਇੰਡੀਅਨ ਐੰਬੈਸੀ ਨਾਲ਼ ਸਮਝੌਤਾ ਕਰ ਲਿਐ ਕਿ ਜਿਨ੍ਹਾਂ ਨੂੰ ਇਹਡੀਪੋਰਟ ਕਰਨਾ ਚਾਹੁਣ ਉਨ੍ਹਾਂ ਦੇ ਪਾਸਪੋਰਟ ਐੰਬੈਸੀ ਵਾਲ਼ੇ ਜਲਦੀ ਤੋਂ ਜਲਦੀ ਦੇ ਦਿਆ ਕਰਨ। ਆਂਟੀ ਬੜੇ ਮੂੰਡੇ ਡੀਪੋਰਟ ਕੀਤੇ ਨੇ ਪਿੱਛੇ ਜਿਹੇ। ਆਂਟੀ ਜੀ, ਉੱਤੋਂ ਮੁਸੀਬਤ ਇਹ ਹੈ ਕਿ ਦਿੱਲੀ ਦੇ ਪੁਲ਼ਸੀਏ ਵੀ ਵਾਪਸ ਜਾਣ ਵਾਲ਼ਿਆਂ ਨੂੰ ਬਹੁਤ ਫ਼ੈਂਟਾ ਚਾੜ੍ਹਦੇ ਹਨ। ਪਲੀਜ਼ ਆਂਟੀ ਕੋਈ ਇੱਥੋਂ ਦੀ ਕੁੜੀ ਨਾਲ਼ ਹੀ ਕੰਮ ਫ਼ਿੱਟ ਕਰਵਾ ਦਿਓ। ਪੱਕੇ ਹੋ ਜਾਈਏ। ਪਾਣੀ ਭਰੂੰ ਤੁਹਾਡਾ ਸਾਰੀ ਉਮਰ।''
    ਨੈਕਸਟ ਟਾਈਮ ਜਦੋਂ ਪਾਲਾਂ ਘਰ ਦਾ ਪਿਛਲਾ ਪੈਟੀਓ ਵਾਲ਼ਾ ਹਿੱਸਾ ਸਾਫ਼ ਕਰਨ ਗਈ ਤਾਂ ਸੱਤੀ ਘਰ ਹੀ ਸੀ। ਸਾ ਸਰੀ 'ਕਾਲ, ਸਾ ਸਰੀ 'ਕਾਲ ਤੋਂ ਬਾਅਦ ਜਦੋਂ ਪਾਲਾਂ ਨੇ ਪੁੱਛਿਆ ਕਿ ਉਹ ਅੱਜ ਕੰਮ ਉੱਤੇ ਕਿਓਂ ਨਹੀਂ ਗਿਆ ਤਾਂ ਸੱਤੀ ਨੇ ਉੱਤਰ ਦਿੱਤਾ,''ਆਂਟੀ ਜੀ, ਅੱਜ ਧਰਮ ਨਾਲ਼ ਵੱਢਿਆਂ ਰੂਹ ਸੀ ਨਹੀਂ ਕੀਤੀ ਕੰਮ ਤੇ ਜਾਣ ਲਈ ਹਾਲਾਂਕਿ ਇਕ ਦੇਸੀ ਠੇਕੇਦਾਰ ਤਾਂ ਮਿੰਨਤਾਂ ਤੇ ਉੱਤਰ ਆਇਆ ਸੀ ਤੇ ਨਾਲ਼ੇ..।''
    ''ਨਾ ਗੱਲ ਸੁਣ ਵੇ ਸੱਤੀ,''ਪਾਲਾਂ ਨੇ ਹੱਥ ਵਿਚ ਫ਼ੜੇ ਹੋਏ ਬਰੂਮ ਨੂੰ ਪਰ੍ਹਾਂ ਵਗਾਉਂਦਿਆਂ ਖ਼ਿੱਝ ਕੇ ਵਿਚੋਂ ਹੀ ਟੋਕਦਿਆਂ ਕਿਹਾ,''ਆਪਣੀ ਹਾਣਦੀ ਨੂੰ ਆਂਟੀ ਕਹਿੰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?''
    ਸੱਤੀ ਦਾ ਉੱਤਰ ਉੱਡੀਕੇ ਬਿਨਾ ਹੀ ਪਾਲਾਂ ਆਪਣੇ ਘਰ ਦੇ ਗਾਰਡਨ ਵੱਲ ਦਾ ਦਰਵਾਜ਼ਾ ਜ਼ੋਰ ਦੀ ਬੰਦ ਕਰਕੇ ਅੰਦਰ ਚਲੇ ਗਈ।
    ਉਸ ਰਾਤ ਸੱਤੀ ਸਾਰੀ ਰਾਤ ਹੀ ਸੌਂ ਨਾ ਸਕਿਆ। ਆਨੀ ਬਹਾਨੀ ਉਹ ਬੈਕ ਰੂਮ ਦਾ ਦਰਵਾਜ਼ਾ ਖ਼ੋਲ੍ਹ ਕੇ ਪਾਲਾਂ ਹੁਰਾਂ ਦੇ ਬੈਡਰੂਮ ਨੂੰ ਨਿਹਾਰਦਾ ਰਿਹਾ। ਪਾਲਾਂ ਹੁਰਾਂ ਦਾ ਬੈਡਰੂਮ ਘਰ ਦੇ ਪਿਛਲੇ ਪਾਸੇ ਵੱਲ ਸੀ ਤੇ ਬੈਕ ਰੂਮ ਚੋਂ ਸਾਫ਼ ਦਿਸਦਾ ਸੀ।
    ਸਾਰੀ ਰਾਤ ਉਨੀਂਦਰਾ ਰਹਿਣ ਦੇ ਬਾਵਜੂਦ ਵੀ ਸੱਤੀ ਦੂਜੇ ਦਿਨ ਚੁੱਪ ਕਰਕੇ ਕੰਮ ਤੇ ਚਲਾ ਗਿਆ। ਸ਼ਾਇਦ ਉਹ ਪਾਲਾਂ ਨੂੰ ਫ਼ੇਸ ਨਹੀਂ ਸੀ ਕਰ ਸਕਦਾ।
    ਸ਼ਨਿੱਚਰਵਾਰ ਵਾਲ਼ੇ ਦਿਨ ਜਦੋਂ ਉਹ ਮੇਨ ਹਾਊਸ ਵਿਚ ਸ਼ਾਵਰ ਲੈਣ ਲਈ ਗਿਆ ਤਾਂ ਪਾਲਾਂ ਨੂੰ ਕਹਿਣ ਲੱਗਾ,''ਸੌਰੀ ਉੱਦਣ ਗ਼ਲਤੀ ਹੋ ਗਈ।''
    ''ਚੱਲ ਸੱਤੀ ਤੂੰ ਵੀ ਕੀ ਯਾਦ ਕਰੇਂਗਾ। ਤੇਰੀ ਸੌਰੀ ਕਬੂਲ ਹੈ ਪਰ ਇਨ੍ਹਾਂ ਦੇ ਸਾਹਮਣੇ ਤਾਂ ਤੂੰ ਮੈਨੂੰ ਆਂਟੀ ਹੀ ਕਿਹਾ ਕਰੀਂ। ਸ਼ੱਕੀ ਸੁਭਾਅ ਦਾ ਹੈ ਬੰਦਾ ਮੇਰਾ। ਉਸ ਵੇਲੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਮੈਂ ਆਂਟੀ ਸ਼ਬਦ ਸਹਾਰ ਲਿਆ ਕਰੂੰ ਤੇਰਾ ਪਰ ਇਕੱਲੀ ਹੋਵਾਂ ਤਾਂ ਇਹ ਗੁਨਾਹ ਨਾ ਕਰੀਂ।''
    ਸੋਮਵਾਰ ਵਾਲ਼ੇ ਦਿਨ ਸੱਤੀ ਸਿਰ ਦੁਖ਼ਣ ਦਾ ਬਹਾਨਾ ਮਾਰਕੇ ਕੰਮ ਉੱਤੇ ਨਾ ਗਿਆ। ਵੀਕਐਂਡ ਦੌਰਾਨ ਅੱਖ਼ਾਂ ਹੀ ਅੱਖ਼ਾਂ ਵਿਚ ਪਾਲਾਂ ਤੇ ਸੱਤੀ ਦੀ ਗੱਲ ਬਾਤ ਹੋ ਗਈ ਸੀ।
    ਸੱਤੀ ਦੇ ਸਾਥੀ ਕੰਮ ਉੱਤੇ ਜਾ ਚੁੱਕੇ ਸਨ। ਪਾਲਾਂ ਬੱਚਿਆਂ ਨੂੰ ਸਕੂਲੇ ਛੱਡ ਆਈ ਸੀ। ਅਖ਼ਤਿਆਰ ਸਿੰਘ ਕੰਮ ਤੇ ਜਾ ਚੁੱਕਿਆ ਸੀ। ਪਾਲਾਂ ਨੇ ਹੌਲ਼ੀ ਦੇ ਕੇ ਬੈਕ ਰੂਮ ਵੱਲ ਦਾ ਮੇਨ ਘਰ ਦਾ ਪਿੱਛਲਾ ਬੂਹਾ ਖ਼ੋਲ੍ਹ ਦਿੱਤਾ। ਪਾਲੀ ਨੇ ਦੇਖ਼ ਲਿਆ ਕਿ ਔਲ ਕਲੀਅਰ ਦਾ ਸਿਗਨਲ ਹੋ ਚੁੱਕਿਆ ਸੀ। ਅਖ਼ਤਿਆਰ ਸਿੰਘ ਨੇ ਕੰਮੋ ਸ਼ਾਮ ਨੂੰ ਹੀ ਪਰਤਣਾ ਸੀ।
    ਸੱਤੀ ਨੂੰ ਆਪਣੇ ਘਰ ਅੰਦਰ ਦਾਖ਼ਲ ਕਰਨ ਉਪਰੰਤ ਪਾਲਾਂ ਨੇ ਥੋੜ੍ਹਾ ਜਿਹਾ ਸ਼ਰਮਾਉਂਦਿਆਂ ਤੇ ਹੱਸਦਿਆਂ ਕਿਹਾ,''ਅੱਜ ਕੰਮ ਤੇ ਕਿਓਂ ਨਹੀਂ ਗਿਆ?''
    ਕਿੰਨਾ ਫ਼ਜ਼ੂਲ ਸਵਾਲ ਸੀ। ਉਸ ਨੇ ਅੰਦਰ ਹੀ ਅੰਦਰ ਆਪਣੇ ਆਪ ਨੂੰ ਹੀ ਕਿਹਾ।
    ''ਤੈਨੂੰ ਜੁ ਮਿਲ਼ਣਾ ਸੀ।'' ਸੱਤੀ ਨੇ ਪਾਲਾਂ ਦਾ ਹੱਥ ਫ਼ੜਦਿਆਂ ਕਿਹਾ।
    ''ਕਿਓਂ ਅੱਜ ਕੋਈ ਖ਼ਾਸ ਗੱਲ ਆ?''
    ''ਅੱਜ ਬੇਚੈਨੀ ਪਹਿਲਾਂ ਨਾਲ਼ੋਂ ਵੱਧ ਹੈ। ਸਾਰੀ ਰਾਤ ਨੀਂਦਰ ਵੀ ਨਹੀਂ ਪਈ। ਉੱਸਲਵੱਟੇ ਲੈ ਲੈ ਲੰਘੀ ਹੈ ਸਾਰੀ ਰਾਤ।''ਸੱਤੀ ਦੀਆਂ ਅੱਖ਼ਾਂ ਦੇ ਡੋਰੇ ਲਾਲ ਹੋਏ ਪਏ ਸਨ। ਉਸ ਦੀਆਂ ਅੱਖ਼ਾਂ ਪਾਲਾਂ ਦੇ ਸਾਰੇ ਸਰੀਰ ਨੂੰ ਨਾਪ ਤੋਲ ਰਹੀਆਂ ਸਨ।
    ''ਹੁਣ ਸੌਣ ਲਈ ਆਇਆਂ?'' ਪਾਲਾਂ ਨੇ ਇਕ ਗੈਰਜ਼ਰੂਰੀ ਸਵਾਲ ਕੱਢ ਮਾਰਿਆ।
    ''ਨਹੀਂ ਹੋਰ ਵੀ ਬੇਚੈਨ ਹੋਣ ਲਈ ਆਇਆਂ।'' ਸੱਤੀ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ।
    ਪਾਲਾਂ ਨੇ ਉਸਦਾ ਉਸੇ ਹੀ ਉੱਤਸੁਕਤਾ ਨਾਲ਼ ਹੱਥ ਫ਼ੜੀ ਰੱਖ਼ਿਆ।
    ..ਤੇ ਫ਼ਿਰ ਉਸ ਤੋਂ ਸ਼ਾਇਦ ਹੋਰ ਸਬਰ ਨਾ ਹੋ ਸਕਿਆ ਤੇ ਸੱਤੀ ਨੂੰ ਹਲਕੇ ਜਿਹੇ ਹੁੱਝਕੇ ਨਾਲ਼ ਉਹ ਆਪਣੇ ਬੈਡਰੂਮ ਵੱਲ ਲੈ ਤੁਰੀ।
    ਉਸ ਦਿਨ ਤੋਂ ਬਾਅਦ ਪਾਲ਼ਾਂ ਘਰ ਦੀ ਮਾਲਕਣ ਨਾ ਰਹੀ ਤੇ ਸੱਤੀ ਕੇਵਲ ਬੈਕ ਰੂਮ ਦਾ ਟੇਨੈਂਟ ਨਾ ਰਿਹਾ।
    ਇੰਝ ਹੀ ਤਕਰੀਬਨ ਰੋਜ਼ ਉਦੋਂ ਹੋਣ ਲੱਗੀ ਜਦੋਂ ਅਖ਼ਤਿਆਰ ਸਿੰਘ ਕੰਮ ਤੇ ਗਿਆ ਹੋਇਆ ਹੁੰਦਾ, ਬੱਚੇ ਸਕੂਲ ਗਏ ਹੋਏ ਹੁੰਦੇ ਤੇ ਸੱਤੀ ਦੇ ਸਾਥੀ ਕੰਮ ਆਦਿ ਨੂੰ ਰਵਾਨਾ ਹੋ ਗਏ ਹੁੰਦੇ। ਦਰਅਸਲ ਸੱਤੀ ਦੇ ਦੋਹਾਂ ਸਾਥੀਆਂ ਨੂੰ ਯਕੀਨ ਸੀ ਕਿ ਸੱਤੀ ਇਸ ਸਥਿਤੀ ਨੂੰ ਆਪਣੇ ਮੁਫ਼ਾਦ ਲਈ ਜ਼ਰੂ੍ਰਰ ਵਰਤੇਗਾ ਤੇ ਕੇਅਰਫ਼ੁੱਲ ਵੀ ਰਹੇਗਾ ਕਿਉਂਕਿ ਆਖ਼ਰ ਤਾਂ ਇਹ ਡੇਂਜਰਸ ਗੱਲ ਸੀ। ਉਹ ਈਰਖ਼ਾਵਾਦੀ ਨਹੀਂ ਸਨ। ''ਇਹਦੀ ਕਿਸਮਤ ਵਿਚ ਅਗਰ ਮੌਜਾਂ ਲਿੱਖ਼ੀਆਂ ਹਨ ਤਾਂ ਗੁੱਡ ਲੱਕ ਬਈ।''ਉਹ ਸੋਚ ਛੱਡਦੇ।
    ਇਕ ਦਿਨ ਬੈਡਰੂਮ ਚੋਂ ਨਿਕਲਦਿਆਂ ਪਾਲਾਂ ਨੇ ਸੱਤੀ ਦੇ ਹੱਥ ਵਿਚ ਸੌ ਪੌਂਡ ਥਮਾਅ ਦਿੱਤੇ।
    ''ਇਹ ਕਾਹਦੇ ਲਈ ਪਾਲਾਂ?'' ਸੱਤੀ ਨੇ ਪੁੱਛਿਆ।
    ''ਖ਼ਰਚੇ ਨਹੀਂ ਤੇਰੇ ਆਪਣੇ? ਕੰਮ ਤੇ ਤਾਂ ਲੰਗੇ ਡੰਗ ਜਾਨੈ। ਲੈ ਲੈ ਚੁੱਪ ਕਰਕੇ।''
    ਇੰਝ ਸੱਤੀ ਦੀ ਆਮਦਨ ਵੀ ਸ਼ੁਰੂ ਹੋ ਗਈ ਸੀ ਤੇ ਇਕ ਉਤਸਕ ਤੇ ਸੈਕਸੀ ਤੀਵੀਂ ਦਾ ਸਾਥ ਵੀ ਮਿੱਲ ਗਿਆ ਸੀ। ''ਵਾਹ ਵਾਹ ਮੌਲਾ ਕਿਆ ਰੰਗ ਹਨ ਤੇਰੇ। ਮਾਲਕਾ ਤੂੰ ਹੀ ਦੱਸ ਕਿ ਮੇਰਾ ਬਲਿਹਾਰੇ ਜਾਣ ਨੂੰ ਦਿਲ ਕਿਓਂ ਨਾ ਕਰ ਤੇਰੇ ਤੇ?''ਸੱਤੀ ਅਕਸਰ ਹੀ ਇਹ ਸਤਰਾਂ ਆਪਣੇ ਮਨ ਵਿਚ ਦੁਹਰਾਉਂਦਾ।
    ....ਕਹਿੰਦੇ ਨੇ ਕਿ ਜਦੋਂ ਲੋਹਾ ਗ਼ਰਮ ਹੋਵੇ ਤਾਂ ਸੱਟ ਮਾਰਨ ਤੋਂ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਤੇ ਇਕ ਦਿਨ ਪਾਲਾਂ ਦਾ ਡਾਹਢਾ ਹੀਰੋਮਾਂਟਿਕ ਮੂਡ ਵੇਖ਼ ਕੇ ਸੱਤੀ ਨੇ ਆਪਣੇ ਮਨ ਦੀ ਗੱਲ ਕਹਿ ਹੀ ਦਿੱਤੀ,''ਪਾਲਾਂ ਤਲਾਕ ਲੈ ਲੈ ਆਪਣੇ ਬੰਦੇ ਕੋਲ਼ੋਂ। ਇਥੇ ਤਾਂ ਡਾਈਵੋਰਸ ਲੈਣਾਂ ਮਮੂਲੀ ਜਿਹੀ ਗੱਲ ਹੀ ਸਮਝੀ ਜਾਂਦੀ ਆ। ਮੈਂ ਵਿਆਹ ਕਰਾਉਣਾ ਚਾਹੁੰਨਾ ਤੇਰੇ ਨਾਲ਼। ਵੀ ਆਰ ਏ ਗੁੱਡ ਟੀਮ ਯਾਰ।''
    ਇਹਦੀ ਬਜਾਏ ਕਿ ਪਾਲਾਂ ਇੱਕ ਦਮ ਭੜਕ ਉੱਠਦੀ, ਉਸ ਨੇ ਸਿਰਫ਼ ਏਨਾ ਹੀ ਕਿਹਾ,'' ਹੋਸ਼ ਤੋਂ ਕੰਮ ਲੈ ਮਰ ਜਾਣਿਆਂ। ਤੂਫ਼ਾਨ ਖ਼ੜ੍ਹਾ ਹੋ ਜਾਣਾ। ਮੇਰਾ ਬੰਦਾ ਬਹੁਤ ਡਾਹਢਾ ਹੈ। ਮੈਨੂੰ ਤਾਂ ਉਸ ਨੇ ਵੱਢ ਹੀ ਦੇਣਾ। ਤੇਰੇ ਵੀ ਛੋਟੇ ਛੋਟੇ ਡੱਕਰੇ ਕਰੂ।''
    ਸੱਤੀ ਨੇ ਪੂਰੇ ਅਤੇ ਪੱਕੇ ਇਰਾਦੇ ਨਾਲ਼ ਉੱਤਰ ਦਿੱਤਾ,''ਪਾਲਾਂ ਕੁਰੇ ਇੱਕ ਗੱਲ ਸੁਣ ਲੈ ਧਿਆਨ ਨਾਲ਼। ਆਹ ਤੇਰਾ ਯਾਰ ਐਮੇਂ ਹੀ ਨੀ। ਆਪਣੀ ਚੀਜ਼ ਖ਼ਾਤਰ ਤੇਰੇ ਬੰਦੇ ਦੇ ਪਹਿਲਾਂ ਮੈਂ ਡੱਕਰੇ ਕਰੂੰ । ਆਹ ਡੌਲੇ ਐਂਵੇਂ ਹੀ ਨਹੀਂ ਪਾਲ਼ੇ ਹੋਏ। ਬੂਰੀਆਂ ਦਾ ਦੁੱਧ ਚੁੰਘਿਆ ਹੋਇਆ ਯਾਰਾਂ ਨੇ। ਦੁੱਧ ਮੱਖ਼ਣਾਂ ਨਾਲ਼ ਪਾਲ਼ਿਆ ਹੋਇਆ ਘਰ ਦਿਆ ਨੇ ''
    ''ਨਾ ਰਹਿਣ ਦੇਹ।ਮੈਨੂੰ ਨਹੀਂ ਇਹ ਟਰੱਬਲ ਚਾਹੀਦੀ।''ਪਾਲਾਂ ਨੇ ਥੋੜ੍ਹੀ ਜਿਹੀ ਘਬਰਾਹਟ ਵਿਚ ਕਿਹਾ।ਉਹ ਸੱਤੀ ਦੀਆਂ ਅੱਖ਼ਾਂ ਵਿਚ ਸੰਜੀਦਗ਼ੀ ਦੇਖ਼ ਸਕਦੀ ਸੀ।
    ''ਸੋ ਫ਼ਿਰ ਤੇਰਾ ਇਹ ਪਤੰਦਰ ਪੱਕਾ ਕਿੱਦਾਂ ਹੋਊ?''
    ਪਾਲਾਂ ਨੇ ਹੈਰਾਨੀ ਨਾਲ਼ ਕਿਹਾ,'' ਸੋ ਤੂੰ ਪੱਕਾ ਹੋਣ ਲਈ ਹੀ ਮੇਰੇ ਨਾਲ਼ ਫ਼ੇਰੇ ਲੈਣੇ ਆਂ? ਪਿਆਰ ਨਹੀਂ ਤੈਨੂੰ ਮੇਰੇ ਨਾਲ਼?''
    ''ਆਪਣੇ ਮਨ ਤੋਂ ਪੁੱਛ ਪਾਲਾਂ ਕਿ ਕੀ ਤੈਨੂੰ ਵੀ ਮੇਰੇ ਨਾਲ਼ ਪਿਆਰ ਹੈ ਕਿ ਬੱਸ ਆਪਣੀ ਬੋਰੀਅਤ ਤੇ ਸੈਕਸਲੈਸ਼ ਲਾਈਫ਼ ਤੋਂ ਛੁੱਟਕਾਰਾ ਪਾਉਣ ਦਾ ਹੀ ਇਰਾਦਾ ਸੀ?''
    ਉਸ ਦਾ ਉੱਤਰ ਉਡੀਕੇ ਬਿਨਾਂ ਹੀ ਸੱਤੀ ਬੈਕ ਰੂਮ ਵੱਲ ਚਲਾ ਗਿਆ। ਉਸ ਦੀ ਅੱਖ਼ਾਂ ਵਿਚ ਬਹੁਤ ਗੁੱਸਾ ਸੀ।
    ਪਾਲਾਂ ਸੁੰਨ ਹੋਈ ਖ਼ੜ੍ਹੀ ਰਹੀ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਹ ਬੰਦਾ ਸਿਰਫ਼ ਉਸ ਦਾ ਘਰ ਪੁੱਟਣ ਤੀਕ ਤੇ ਆਪਣਾ ਘਰ ਵਸਾਉਣ ਤੀਕ ਹੀ ਦਿਲਚਸਪੀ ਰੱਖ਼ਦਾ ਹੈ। ਪੱਕਾ ਹੋ ਗਿਆ ਤਾਂ ਮੈਨੂੰ ਡਾਇਵੋਰਸ ਕਰਕੇ ਇੰਡੀਆ ਤੋਂ ਕੋਈ ਹੋਰ ਲੈ ਆਊ-ਕੋਈ ਆਪਣੇ ਹਾਣ ਦੀ ਤੇ ਕੰਜ ਕੁਆਰੀ। ਮੇਰੇ ਤਾਂ ਨਿਆਣੇ ਰੁਲ ਗਏ ਨਾ?ਮੇਰਾ ਤਾਂ ਘਰ ਟੁੱਟ ਜਾਊ ਨਾ? ਖ਼ੁਦਗ਼ਰਜ਼ ਬਾਸਟਰਡ।''
    ਉਸ ਸਾਰੀ ਰਾਤ ਪਾਲਾਂ ਬਹੁਤ ਬੇਚੈਨ ਰਹੀ। ਦੂਜੇ ਦਿਨ ਅਖ਼ਤਿਆਰ ਸਿੰਘ ਕੰਮ ਉੱਤੇ ਨਾ ਗਿਆ। ਉਸ ਨੂੰ ਬੁਰੀ ਤਰ੍ਹਾਂ ਨਾਲ਼ ਬੁਖ਼ਾਰ ਚੜ੍ਹਿਆ ਹੋਇਆ ਸੀ। ਉਹ ਹਫ਼ਤਾ ਭਰ ਐਂਟੀ ਬਾਇਓਟਿਕ ਉੱਤੇ ਰਿਹਾ। ਸਾਰਾ ਸਮਾਂ ਪਾਲਾਂ ਰੋਬੋਟ ਵਾਂਗ ਘਰ ਦੇ ਕੰਮ ਕਾਰ ਕਰਦੀ ਰਹੀ। ਬੋਲੀ ਬਿਲਕੁਲ ਕੁਝ ਵੀ ਨਾ।
    ਅਖ਼ਤਿਆਰ ਸਿੰਘ ਖ਼ਿੱਝ ਗਿਆ।''ਤੈਨੂੰ ਕੀ ਸੱਪ ਸੁੰਘ ਗਿਆ? ਹਫ਼ਤਾ ਹੋ ਗਿਆ ਦੁੰਨ ਬੱਟਾ ਬਣੀ ਹੋਈ ਨੂੰ। ਨਾ ਬੋਲਦੀ ਆ ਨਾ ਨੇੜੇ ਆਉਣ ਦਿੰਦੀ ਆ।''
    ''ਭਲਾ ਮੇਰੀ ਤਬੀਅਤ ਨਹੀਂ ਕਦੇ ਖ਼ਰਾਬ ਹੋ ਸਕਦੀ?''ਪਾਲਾਂ ਟਰਕਾਅ ਗਈ।
    ਸੱਤੀ ਉਸ ਹਫ਼ਤੇ ਦੋ ਕੁ ਦਿਨ ਹੀ ਕੰਮ ਉੱਤੇ ਗਿਆ। ਬਾਕੀ ਦੇ ਦਿਨ ਬੈਕ ਰੂਮ 'ਚ ਹੀ ਬੈਠਾ ਰਿਹਾ ਤੇ ਉਦਾਸ ਕਿਸਮ ਦੇ ਗੀਤ ਸੁਣਦਾ ਰਿਹਾ। ਪਰ ਵਾਰ ਵਾਰ ਸੂਹ ਲੈਂਦਾ ਰਿਹਾ ਤੇ ਬਿੜਕਾਂ ਲੈਂਦਾ ਰਿਹਾ ਕਿ ਅਖ਼ਤਿਆਰ ਸਿੰਘ ਘਰੇ ਹੈ ਜਾਂ ਕੰਮ ਉੱਤੇ ਗਿਆ ਹੋਇਆ?
    ਅਗ਼ਲੇ ਹਫ਼ਤੇ ਜਦੋਂ ਅਖ਼ਤਿਆਰ ਸਿੰਘ ਕੰਮ ਉੱਤੇ ਗਿਆ ਤਾਂ ਸੱਤੀ ਭੁੱਖ਼ੇ ਸ਼ੇਰ ਵਾਂਗ ਅੰਦਰ ਆ ਘੁਸਿਆ ਤੇ ਪਾਲਾਂ ਨੂੰ ਜੱਫ਼ੀ 'ਚ ਲੇ ਕੇ ਉਸ ਦੀਆਂ ਚੁੰਮੀਆਂ ਲੈਣ ਲੱਗ ਪਿਆ।
    ਪਰ ਪਾਲਾਂ ਨੇ ਉਹਨੂੰ ਪੂਰੇ ਜ਼ੋਰ ਨਾਲ਼ ਪਰ੍ਹਾਂ ਧੱਕ ਦਿੱਤਾ।,''ਖ਼ਬਰਦਾਰ ਜੇ ਮੈਨੂੰ ਹੱਥ ਲਾਇਆ ਤਾਂ? ਆਈ ਐਮ ਨੌਟ ਇੰਟਰੈਸਟਡ ਇਨ ਯੂ ਔਰ ਯੁਅਰ ਸੈਕਸੁਅਲ ਐਕਟ ਐਨੀ ਮੋਰ। ਥੈਂਕ ਯੂ। ''ਮਗਰਲੇ ਲਫ਼ਜ਼ ਉਸ ਨੇ ਅਗ਼ਰੇਜ਼ੀ ਵਿਚ ਕਹੇ। ਕੁਝ ਗੱਲਾਂ ਸ਼ਾਇਦ ਅੰਗਰੇਜ਼ੀ ਵਿਚ ਕਹਿਣੀਆਂ ਸੌਖ਼ੀਆਂ ਹੁੰਦੀਆ ਹਨ।''
    ''ਕੀ ਨੌਨਸੈਨਸ ਬੱਕਣ ਡਹੀ ਹੋਈ ਆਂ ਪਾਲਾਂ?''ਸੱਤੀ ਪਾਲਾਂ ਦੇ ਠੰਡੇ ਵਤੀਰੇ ਤੋਂ ਹੈਰਾਨ ਹੋ ਗਿਆ ਸੀ ਪਰ ਫ਼ਿਰ ਪਿਆਰ ਨਾਲ਼ ਬੋਲਿਆ ''ਆਈ ਲਵ ਯੂ ਯਾਰ।''
    ''ਸੱਭ ਝੂਠ। ਸੱਭ ਬਕਵਾਸ। ਸਿਵਾ ਇੱਥੇ ਪੱਕਾ ਹੋਣ ਦੇ ਤੇਰਾ ਕੋਈ ਇੰਟਰੈਸਟ ਨਹੀਂ ਮੇਰੇ ਵਿਚ।''
    ''ਬੁਰਾ ਮਨਾਇਆ ਕਿ ਮੈਂ ਤੈਨੂੰ ਕਹਿ ਦਿੱਤਾ ਸੀ ਕਿ ਉਹਨੂੰ ਛੱਡ ਕੇ ਮੇਰੇ ਨਾਲ਼ ਵਿਆਹ ਕਰਵਾ ਲੈ?''
    ''ਇਹ ਵੀ ਕਹਿ ਦੇਹ ਕਿ ਪੱਕਾ ਹੋਣ ਲਈ ਵਿਆਹ ਕਰਾਉਣਾ ਤੇ ਫ਼ੇਰ ਠੁਠ ਦਿਖ਼ਾ ਦੇਣਾ।ਤੇਰਾ ਸਾਰਾ ਨਿਸ਼ਾਨਾ ਬੱਸ ਇਥੇ ਇਸ ਦੇਸ ਵਿਚ ਟਿਕਣਾ ਹੀ ਹੈ'' ਪਾਲਾਂ ਦੇ ਮੂਡ ਵਿਚ ਕੋਈ ਤਬਦੀਲੀ ਨਹੀਂ ਸੀ ਆ ਰਹੀ।
    ''ਸੱਤ ਸਮੁੰਦਰ ਪਾਰ ਕਰਕੇ ਆਇਆ ਹਾਂ,'' ਸੱਤੀ ਫ਼ੈਸਲਾਕੁੰਨ ਗੱਲ ਕਹਿਣ ਉੱਤੇ ਉੱਤਰ ਆਇਆ ਸੀ।,''ਘਰ ਦੀ ਜ਼ਮੀਨ ਗਹਿਣੇ ਧਰੀ ਹੋਈ ਆ। ਕਰਜ਼ੇ ਉੱਤੇ ਵਿਆਜ ਪੈ ਰਿਹਾ। ਭੈਣਾਂ ਵਿਹਾਉਣ ਵਾਲ਼ੀਆ ਨੇ। ਘਰ ਦੀਆਂ ਜ਼ਿੰਮੇਵਾਰੀਆਂ ਵਿਕਰਾਲ਼ ਬਣਕੇ ਖ਼ੜੀ੍ਹਆਂ ਹੋਈਆਂ ਹੋਈਆਂ ਨੇ। ਵਾਪਸ ਪਰਤਣ ਜੋਗਾ ਮੈਂ ਰਿਹਾ ਨਹੀਂ। ਤੂੰ ਮੇਰੀ ਏਨੀ ਵੀ ਹੈਲਪ ਨਹੀਂ ਕਰ ਸਕਦੀ ਯਾਰ? ਆਡਟਰ ਔਲ ਵੀ ਹੈਡ ਏ ਗੁੱਡ ਟਾਈਮ'' ਸੱਤੀ ਨੇ ਨਕਲੀ ਕਿਸਮ ਦਾ ਲਾਡ ਦਿਖ਼ਾਉਂਦਿਆਂ ਕਿਹਾ।
    ''ਵੱਟ ਅਬਾਉਟ ਮੀ? ਵੱਟ ਅਬਾਉਟ ਮਾਈ ਚਿਲਡਰਨ? ਮੇਰੇ ਬੱਚੇ ਕਿੱਥੇ ਜਾਣਗੇ?''ਪਾਲਾਂ ਨੇ ਉਹਨੂੰ ਪਰ੍ਹਾਂ ਧੱਕਦਿਆਂ ਕਿਹਾ।
    ''ਤੇਰੀ ਲੁੱਕ ਆਫ਼ਟਰ ਮੈਂ ਚੰਗੀ ਤਰ੍ਹਾਂ ਕਰੂੰ ਡਾਰਲਿੰਗ।''
    ''ਤੇ ਮੇਰੇ ਨਿਆਣੇ?''
    ''ਉਨ੍ਹਾਂ ਦੀ ਵੀ ਕਰੂੰਗਾ ਹੀ ਪਰ ਤੂੰ ਉਨਾ੍ਹਂ ਦੀ ਕਸਟੱਡੀ ਅਖ਼ਤਿਆਰ ਸਿੰਘ ਨੂੰ ਦੇ ਦਈਂ ਨਾ। ਮਾਂ ਹੋਣ ਦੇ ਨਾਤੇ ਵਿਜ਼ਿਟਿੰਗ ਰਾਈਟ ਤਾਂ ਤੈਨੂੰ ਮਿਲ਼ ਹੀ ਜਾਣੇ ਨੇ। ਆਪਾਂ ਆਪਣੇ ਪੈਦਾ ਕਰਾਂਗੇ। ''ਜਾਪਦਾ ਸੀ ਕਿ ਸੱਤੀ ਨੇ ਸਭ ਕੁੱਝ ਵਰਕ ਆਊਟ ਕੀਤਾ ਹੋਇਆ ਸੀ।
    ''ਦਫ਼ਾ ਹੋ ਜਾਹ ਇੱਥੋਂ,''ਪਾਲਾਂ ਤਿਲਮਿਲਾਅ ਗਈ,''ਇਸ ਘਰ 'ਚ ਮੁੜ ਕੇ ਪੈਰ ਨਾ ਪਾਈਂ ਬੇਸ਼ਰਮਾਂ।''
    ''ਚੁੱਪ ਕਰਕੇ ਨਹੀਂ ਜਾਂਦਾ ਮੈਂ। ''ਸੱਤੀ ਨੇ ਚੈਲਿੰਜ ਕਰਨ ਦੇ ਅੰਦਾਜ਼ ਵਿਚ ਕਿਹਾ।
    ''ਚੁੱਪ ਕਰਕੇ ਹੀ ਜਾਵੇਂਗਾ ਤੂੰ।''ਪਾਲਾਂ ਦੇ ਬੋਲਾਂ ਵਿਚ ਦ੍ਰਿੜ੍ਹਤਾ ਸੀ।
    ਅਚਾਨਕ ਇਕ ਦਿਨ ਦੋ ਪਲੀਸ ਮੈਨ ਅਤੇ ਕੌਂਸਲ ਦੇ ਦੋ ਅਫ਼ਸਰ ਉਨ੍ਹਾਂ ਦੇ ਬੂਹੇ ਅੱਗੇ ਆ ਧਮਕੇ। ਆਪਣਾ ਆਈ ਡੀ ਉਨ੍ਹਾਂ ਨੇ ਅਖ਼ਤਿਆਂਰ ਸਿੰਘ ਅੱਗੇ ਕਰਦਿਆ ਉਨ੍ਹਾਂ ਚੋਂ ਇਕ ਨੇ ਕਿਹਾ,''ਹੀਅਰ ਇਜ਼ ਅਵਰ ਸਰਚ ਵਾਰੰਟ। ਅਸੀੰ ਤੁਹਾਡਾ ਪਿੱਛਲਾ ਰੂਮ ਚੈੱਕ ਕਰਨਾ ਹੈ। ਇਕ ਅਨੌਨੀਮਸ ਫ਼ੋਨ ਕਾਲ ਆਈ ਸੀ ਕਿ ਤੁਹਾਡੇ ਬੈਕ ਰੂਮ ਵਿਚ ਕੁਝ ਇੱਲੀਗਲ ਬੰਦੇ ਰਹਿੰਦੇ ਹਨ।''ਅਖ਼ਤਿਆਰ ਸਿੰਘ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਚਾਰੇ ਜਣੇ ਪਿਛਲੇ ਰੂਮ ਅੱਗੇ ਜਾ ਖ਼ੜ੍ਹੇ ਹੋਏ। ਅੰਦਰ ਤਿੰਨੇ ਹੀ ਪੰਜਾਬੀ ਮੂੰਡੇ ਡਰੇ ਹੋਏ ਤੇ ਸਹਿਮੇ ਹੋਏ ਬੈਠੇ ਸਨ।
    ਇਕ ਪੁਲੀਸ ਅਫ਼ਸਰ ਨੇ ਮੋਬਾਇਲ ਫ਼ੋਨ ਵਰਤ ਕੇ ਹੋਰ ਪੁਲੀਸ ਅਫ਼ਸਰ ਬੁਲਾ ਲਏ। ਤੇ ਫ਼ਿਰ ਅਖ਼ਤਿਆਰ ਸਿੰਘ ਨੂੰ ਮੁਖ਼ਾਤਵ ਹੋ ਕੇ ਬੋਲਿਆ, ''ਹਾਓ ਮੈਨੀ ਮੋਰ ਪੀਪਲ ਲਿਵ ਹੀਅਰ?''
    ''ਨੋ ਮੋਰ ਸਰ। ਦੇਅ ਆਰ ਓਨਲੀ ਰੈਲੇਟਿਵਜ਼।'' ਅਫ਼ਸਰ ਨੇ ਝੱਟ ਨੋਟ ਕਰ ਲਿਆ ਕਿ ਅਖ਼ਤਿਆਰ ਸਿੰਘ ਇੱਲੀਗਲ ਲੋਕਾਂ ਨੂੰ ਪਨਾਹ ਦਿੰਦਾ ਸੀ। ਉਸ ਦਾ ਚਲਾਣ ਕੱਟ ਦਿੱਤਾ ਗਿਆ। ਤੇ ਫ਼ਿਰ ਕਹਿਣ ਲੱਗਾ,''ਕੋਰਟ ਦਾ ਨੋਟਿਸ ਆਵੇਗਾ। ਲਾਅ ਵਿਲ ਟੇਕ ਇਟਸ ਕੋਰਸ।''
    ਫ਼ਿਰ ਕੌਂਸਲ ਦੇ ਅਫ਼ਸਰ ਨੇ ਕਿਹਾ,''ਤੁਹਾਨੂੰ ਇਹ ਕਮਰਾ ਢਾਹੁਣ ਦਾ ਨੋਟਿਸ ਆਵੇਗਾ। ਕੌੰਸਲ ਦੇ ਨੇਮਾਂ ਨੂੰ ਤੋੜਨ ਵਾਰੇ ਵੀ ਲੀਗਲ ਐਕਸ਼ਨ ਲਿਆ ਜਾਵੇਗਾ ਤੇ ਹਰਜਾਨਾ ਵੀ ਦੇਣਾ ਪਵੇਗਾ।''
    ਫ਼ਟਾ ਫ਼ੱਟ ਪੁਲੀਸ ਦੀ ਵੈਨ ਆ ਗਈ। ਸੱਤੀ ਅਤੇ ਉਨ੍ਹਾਂ ਦੇ ਦੋਹਾਂ ਸਾਥੀਆਂ ਦੇ ਹੱਥ ਕੜੀਆਂ ਲਗਾ ਕੇ ਉਨ੍ਹਾਂ ਨੂੰ ਪੁਲੀਸ ਵੈਨ ਵਿਚ ਬਿਠਾ ਲਿਆ ਗਿਆ।
    ਸੱਤੀ ਨੇ ਪੁਲੀਸ ਦੀ ਬੈਨ ਵਿਚ ਬੈਠਣ ਤੋਂ ਪਹਿਲਾਂ ਘਰ ਦੇ ਵੱਡੇ ਬੂਹੇ ਵਿਚ ਖ਼ੜੋਤੀ ਪਾਲਾਂ ਵੱਲ ਤੱਕਿਆ।
    ਪਾਲਾਂ ਦੀਆਂ ਅੱਖ਼ਾਂ ਵਿਚ ਖ਼ੱਚਰਾ ਹਾਸਾ ਸੀ।